ਅਫ਼ਗਾਨ ਸ਼ਰਨਾਰਥੀ ਦਾ ਦਰਦ; ਅਮਰੀਕੀ ਫ਼ੌਜ ਲਈ ਕੰਮ ਕਰਦੇ ਮੇਰੇ ਭਰਾ ਨੂੰ ਤਾਲਿਬਾਨ ਨੇ ਮਾਰੀਆਂ ਗੋਲੀਆਂ
Tuesday, Aug 31, 2021 - 01:43 PM (IST)
ਨਵੀਂ ਦਿੱਲੀ: ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜ ਦੇ ਬਾਹਰ ਨਿਕਲਣ ਦੇ ਨਾਲ ਹੀ, ਤਾਲਿਬਾਨ ਅਫ਼ਗਾਨ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰ ਰਹੇ ਹਨ, ਜਿਨ੍ਹਾਂ ਨੇ ਯੁੱਧ ਪ੍ਰਭਾਵਤ ਦੇਸ਼ ਵਿਚ ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਦੇ ਨਾਲ ਕੰਮ ਕੀਤਾ ਸੀ। ਨਵੀਂ ਦਿੱਲੀ ਦੇ ਰਹਿਣ ਵਾਲੇ ਇਕ ਅਫ਼ਗਾਨੀ ਸ਼ਰਨਾਰਥੀ ਡਾਕਟਰ ਏ.ਐੱਸ. ਬਰਾਕ ਨੇ ਏ.ਐੱਨ.ਆਈ. ਨੂੰ ਦੱਸਿਆ ਕਿ ਉਸਦਾ ਭਰਾ ਜੋ ਅਮਰੀਕੀ ਫ਼ੌਜ ਵਿਚ ਟਾਈਪਿਸਟ ਵਜੋਂ ਕੰਮ ਕਰਦਾ ਸੀ, ਨੂੰ ਐਤਵਾਰ ਨੂੰ ਤਾਲਿਬਾਨ ਨੇ ਗੋਲੀ ਮਾਰ ਦਿੱਤੀ। ਬਰਾਕ ਦੇ ਭਰਾ ਦਾ ਸ਼ਰੇਆਮ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਤਾਂ ਜੋ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਕੀਤਾ ਜਾ ਸਕੇ। ਡਾ: ਏ.ਐੱਸ. ਬਰਾਕ ਨੇ ਕਿਹਾ ਕਿ ਮੈਨੂੰ ਕੱਲ੍ਹ ਕਾਬੁਲ ਤੋਂ ਇਕ ਫੋਨ ਆਇਆ, ਜਿੱਥੇ ਮੇਰੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਦੱਸਿਆ ਕਿ ਮੇਰੇ ਛੋਟੇ ਭਰਾ (ਅਬਦੁਲ) ਦਾ ਤਾਲਿਬਾਨ ਨੇ ਜਨਤਕ ਰੂਪ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਤਾਲਿਬਾਨ ਦੀ ਦੋ ਟੁੱਕ- ਸਾਨੂੰ ਭਾਰਤ ਨਾਲ ਆਪਣੇ ਝਗੜਿਆਂ ’ਚ ਨਾ ਘਸੀਟੇ ਪਾਕਿਸਤਾਨ
ਬਰਾਕ ਨੇ ਕਿਹਾ ਕਿ ਮੇਰਾ ਛੋਟਾ ਭਰਾ ਇਕ ਟਾਈਪਿਸਟ ਦੇ ਰੂਪ ਵਿਚ ਅਮਰੀਕੀ ਫੌਜਾਂ ਨਾਲ ਕੰਮ ਕਰ ਰਿਹਾ ਸੀ। ਤਾਲਿਬਾਨ ਨੇ ਉਸ ਨੂੰ ਛੇ ਵਾਰ ਗੋਲੀ ਮਾਰੀ। ਉਨ੍ਹਾਂ ਅੱਗੇ ਕਿਹਾ ਕਿ ਉਸ ਦੇ ਭਰਾ ਦੀ ਨਾ ਤਾਲਿਬਾਨ ਨਾਲ ਅਤੇ ਨਾ ਹੀ ਕਿਸੇ ਹੋਰ ਨਾਲ ਕੋਈ ਨਿੱਜੀ ਦੁਸ਼ਮਣੀ ਸੀ। ਉਨ੍ਹਾਂ ਕਿਹਾ ਕਿ ਅਫ਼ਗਾਨ ਲੋਕ ਤਾਲਿਬਾਨ ਦਹਿਸ਼ਤ ਦੇ ਅਧੀਨ ਡਰ ਵਿਚ ਰਹਿ ਰਹੇ ਹਨ। ਅਸੀਂ ਕਿਸੇ ਵੀ ਕੀਮਤ 'ਤੇ ਤਾਲਿਬਾਨ 'ਤੇ ਭਰੋਸਾ ਨਹੀਂ ਕਰ ਸਕਦੇ। ਉਹ ਜਨਤਕ ਥਾਵਾਂ 'ਤੇ ਬੰਬਾਰੀ ਕਰ ਰਹੇ ਹਨ, ਲੋਕਾਂ 'ਤੇ ਖੁੱਲ੍ਹੇਆਮ ਗੋਲੀਬਾਰੀ ਕਰ ਰਹੇ ਹਨ। ਬਰਾਕ ਹੁਣ ਪਰਿਵਾਰ ਦੇ ਦੂਜੇ ਮੈਂਬਰਾਂ ਲਈ ਚਿੰਤਤ ਹੈ, ਜਿਸ ਵਿਚ ਪਤਨੀ ਅਤੇ ਉਸਦੇ ਮ੍ਰਿਤਕ ਭਰਾ ਦੇ ਦੋ ਪੁੱਤਰ ਸ਼ਾਮਲ ਹਨ। ਇਸ ਤੋਂ ਇਲਾਵਾ, ਉਹ ਆਪਣੇ ਮਾਪਿਆਂ ਦੀ ਸੁਰੱਖਿਆ ਬਾਰੇ ਵੀ ਚਿੰਤਤ ਹੈ। ਤਾਲਿਬਾਨੀ ਨੇ 15 ਅਗਸਤ ਨੂੰ ਕਾਬੁਲ ਉੱਤੇ ਕਬਜ਼ਾ ਕਰ ਲਿਆ ਅਤੇ ਭਰੋਸਾ ਦਿੱਤਾ ਕਿ ਕਿਸੇ ਵੀ ਅਫ਼ਗਾਨ ਨਾਗਰਿਕ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਹਾਲਾਂਕਿ, ਹਕੀਕਤ ਅੱਤਵਾਦੀ ਸਮੂਹ ਵੱਲੋਂ ਦਿੱਤੇ ਗਏ ਇਸ ਭਰੋਸੇ ਦੇ ਉਲਟ ਹੈ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚੋਂ ਅਮਰੀਕੀ ਮੁਹਿੰਮ ਖ਼ਤਮ, ਤਾਲਿਬਾਨ ਨੇ ਆਜ਼ਾਦੀ ਦਾ ਐਲਾਨ ਕਰ ਮਨਾਇਆ ਜਿੱਤ ਦਾ ਜਸ਼ਨ