ਦੂਜੀ ਵਿਸ਼ਵ ਜੰਗ ''ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਇਟਲੀ ''ਚ ਨਿੱਘੀ ਸ਼ਰਧਾਂਜਲੀ
Wednesday, Aug 10, 2022 - 02:41 PM (IST)
ਰੋਮਇਟਲੀ (ਸਾਬੀ ਚੀਨੀਆ,ਕੈਂਥ) ਇਟਲੀ ਦੇ ਸ਼ਹਿਰ ਕਾਸੀਨੋ ਵਿਖੇ ਦੂਜੀ ਸੰਸਾਰ ਜੰਗ ਦੌਰਾਨ ਇਟਲੀ ਨੂੰ ਆਜ਼ਾਦ ਕਰਵਾਉਂਦਿਆਂ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸਮਰਪਿਤ ਇੱਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਿੱਖਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਪਹਿਲਾਂ ਸ਼ਹਿਰ ਦੇ ਮੇਅਰ ਵਲੋਂ ਕਬਰਸਤਾਨ 'ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਭਾਰਤੀ ਭਾਈਚਾਰੇ ਵਲੋਂ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਟਾਲੀਅਨ ਮੂਲ ਦੇ ਜੋਵਾਨੀ ਸਵੀਆਨੋ ਪ੍ਰਧਾਨ ਫੋਟੋ ਗ੍ਰਾਫ਼ਿਕਸ ਐਸੋਸੀਏਸ਼ਨ ਫੋਂਦੀ (ਲਾਤੀਨਾ) ਵਲੋਂ ਕਮੂਨੇ ਦੀ ਸਹਾਇਤਾ ਨਾਲ ਸਿੱਖ ਫ਼ੌਜੀਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਇਸ ਜੰਗ ਵਿੱਚ ਸ਼ਹੀਦ ਹੋਣ ਵਾਲੇ ਫ਼ੌਜੀਆਂ ਦੀਆਂ ਤਸਵੀਰਾਂ ਅਤੇ ਸਿੱਖਾ ਵਲੋਂ ਧਰਮ ਪ੍ਰਤੀ ਨਿਭਾਈਆਂ ਜਾਣ ਵਾਲੀਆਂ ਮੂੰਹ ਬੋਲਦੀਆਂ ਤਸਵੀਰਾਂ ਵਾਲੇ ਅਜਾਇਬ ਘਰ ਦਾ ਉਦਘਾਟਨ ਭਾਰਤੀ ਦੂਤਾਵਾਸ ਰੋਮ ਦੇ ਸੈਕਟਰੀ ਮਿਸਟਰ ਦੀਪਾਕਰ ਅਤੇ ਸ਼ਹਿਰ ਦੇ ਮੇਅਰ ਮਰੀਆਂ ਤਾਬੋਰੀਨੀ ਵਲੋਂ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ ਗਿਆ।ਇਸ ਮੌਕੇ ਮੇਅਰ ਵਲੋਂ ਕਿਹਾ ਗਿਆ ਕਿ ਸਾਨੂੰ ਜਿਨ੍ਹਾਂ ਬਹਾਦਰ ਸਿਪਾਹੀਆਂ ਦੀ ਬਦੌਲਤ ਆਜ਼ਾਦੀ ਮਿਲੀ ਹੈ, ਸਾਨੂੰ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਭਾਰਤੀ ਫ਼ੌਜੀਆਂ ਨੂੰ ਬਹਾਦਰ ਸਿਪਾਹੀ ਕਿਹਾ ਕਿ ਉਨ੍ਹਾਂ ਛੋਟੀ ਛੋਟੀ ਉਮਰ ਦੇ ਹੋਣ ਦੇ ਬਾਵਜੂਦ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਭਾਰਤੀ ਦੂਤਾਵਾਸ ਦੇ ਅਧਿਕਾਰੀ ਅਤੇ ਮੇਅਰ ਵਲੋਂ ਜੋਵਾਨੀ ਸਵੀਆਨੋ ਦੁਆਰਾ ਤਿਆਰ ਕੀਤੀ ਗਈ 'ਸਿੱਖ' ਨਾਮ ਦੀ ਤਸਵੀਰਾਂ ਨਾਲ ਨੱਥੀ ਕੀਤੀ ਹੋਈ ਇੱਕ ਕਿਤਾਬ ਨੂੰ ਰਿਲੀਜ਼ ਕੀਤਾ ਗਿਆ। ਦੂਜੇ ਪਾਸੇ ਇਲਾਕਾ ਲਾਸੀਓ ਦੇ ਵੱਖ ਵੱਖ ਭਾਰਤੀ ਸਿੱਖ ਭਾਈਚਾਰੇ ਦੇ ਆਗੂਆਂ ਵਲੋਂ ਕਾਸੀਨੋ ਸ਼ਹਿਰ ਦੇ ਮੇਅਰ ਅਤੇ ਜੋਵਾਨੀ ਸਵੀਆਨੋ (ਫੋਟੋਗਰਾਫਰ) ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਬਦੌਲਤ ਸਿੱਖ ਫ਼ੌਜੀਆਂ ਦੀ ਯਾਦਗਾਰੀ ਤਸਵੀਰਾਂ ਦੇਖਣ ਨੂੰ ਮਿਲੀਆਂ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ 'ਚ ਲੱਗਣਗੇ ਐਜੁਕੇਸ਼ਨ ਫੇਅਰ ਅਤੇ ਵੀਜ਼ਾ ਵਰਕਸ਼ਾਪ
ਇਸ ਮੌਕੇ ਜੋਵਾਨੀ ਨੇ ਬੋਲਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਸਿੱਖ ਧਰਮ ਵਾਰੇ ਜਾਣਕਾਰੀ ਹਾਸਲ ਕਰਕੇ ਬਾਕੀ ਲੋਕਾਂ ਤੱਕ ਆਪਣੀ ਫੋਟੋ ਗ੍ਰਾਫ਼ਿਕਸ ਦੇ ਜ਼ਰੀਏ ਪਹੁੰਚਾ ਰਿਹਾ ਹਾਂ ਅਤੇ ਪੰਜਾਬੀ ਭਾਈਚਾਰੇ ਇਸ ਕਾਰਜ ਲਈ ਮੈਨੂੰ ਸਤਿਕਾਰ ਦੇ ਰਹੇ ਹਨ। ਦੂਜੇ ਪਾਸੇ ਭਾਰਤੀ ਦੂਤਾਵਾਸ ਦੇ ਅਧਿਕਾਰੀ ਦੀਪਾਕਰ ਨੇ ਕਿਹਾ ਅੱਜ ਸਾਨੂੰ ਮਾਣ ਹੈ ਕਿ ਭਾਰਤੀ ਸਿਪਾਹੀਆ ਵਲੋਂ ਇਟਲੀ ਨੂੰ ਅਜ਼ਾਦ ਕਰਾਉਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ, ਜਿਨ੍ਹਾਂ ਕਰਕੇ ਅੱਜ ਭਾਰਤੀ ਇਟਲੀ ਵਿੱਚ ਬਹੁਤ ਹੀ ਅਦਬ ਨਾਲ ਰਹਿ ਰਹੇ ਹਨ। ਉਨ੍ਹਾਂ ਨੇ ਕਮੂਨੇ ਦੀ ਕਾਸੀਨੋ ਅਤੇ ਮੇਅਰ ਅਤੇ ਖਾਸ ਕਰਕੇ ਜੋਵਾਨੀ ਦਾ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਅੱਜ ਦਾ ਸਾਰਾ ਪ੍ਰੋਗਰਾਮ ਉਲੀਕਿਆ ਗਿਆ।