ਮਿਸੂਰੀ ''ਚ ਲਾਸ਼ ਸਣੇ ਚੋਰੀ ਹੋਈ ਅੰਤਿਮ ਸੰਸਕਾਰ ਘਰ ਦੀ ਵੈਨ
Saturday, Feb 13, 2021 - 09:36 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਦੁਨੀਆ ਵਿਚ ਅਜਿਹੇ ਲੋਕ ਵੀ ਰਹਿੰਦੇ ਹਨ, ਜੋ ਆਪਣੇ ਫਾਇਦੇ ਲਈ ਕਿਸੇ ਵੀ ਹੱਦ ਤੱਕ ਅਤੇ ਕੋਈ ਵੀ ਕੰਮ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅਮਰੀਕੀ ਸੂਬੇ ਮਿਸੂਰੀ ਵਿਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਇਕ ਫਿਉਨਰਲ ਹੋਮ (ਸ਼ਮਸ਼ਾਨ ਘਾਟ) ਦੀ ਵੈਨ ਨੂੰ ਲਾਸ਼ ਸਣੋ ਚੋਰੀ ਕਰ ਲਿਆ ਗਿਆ ਹੈ।
ਇਸ ਸੰਬੰਧੀ ਪੁਲਸ ਨੇ ਜਾਣਕਾਰੀ ਦਿੱਤੀ ਕਿ ਵੀਰਵਾਰ ਦੀ ਸਵੇਰ ਸੇਂਟ ਲੂਇਸ ਖੇਤਰ ਦੇ ਅੰਤਿਮ ਸੰਸਕਾਰ ਘਰ ਦੀ ਚਾਲੂ ਸਥਿਤੀ ਵਿਚ ਛੱਡੀ ਵੈਨ ਨੂੰ ਇਕ ਗੈਸ ਸਟੇਸ਼ਨ ਦੇ ਬਾਹਰੋਂ ਚੋਰੀ ਕੀਤਾ ਗਿਆ ਹੈ। ਸੇਂਟ ਲੂਇਸ ਕਾਉਂਟੀ ਦੇ ਅਧਿਕਾਰੀਆਂ ਅਨੁਸਾਰ ਵੀਰਵਾਰ ਸ਼ਾਮ ਤੱਕ ਵੈਨ ਜਾਂ ਲਾਸ਼ ਬਰਾਮਦ ਨਹੀਂ ਹੋਈ ਸੀ।
ਇਸ ਮਾਮਲੇ ਵਿਚ ਜਾਂਚਕਰਤਾ ਦੋ ਸ਼ੱਕੀ ਵਿਅਕਤੀਆਂ, ਜਿਨ੍ਹਾਂ ਵਿਚ ਇਕ ਆਦਮੀ ਅਤੇ ਇਕ ਜਨਾਨੀ ਸ਼ਾਮਿਲ ਹਨ ,ਦੀ ਭਾਲ ਕਰ ਰਹੇ ਹਨ। ਪੁਲਸ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਸਵੇਰ ਦੇ 10 ਵਜੇ ਚੋਰੀ ਹੋਈ ਇਸ ਵੈਨ ਨੂੰ ਅੰਤਿਮ ਸੰਸਕਾਰ ਘਰ ਦੀ ਵੈਨ ਵਜੋਂ ਦਰਸਾਇਆ ਗਿਆ ਸੀ। ਜਦਕਿ ਇਸ ਸੰਬੰਧੀ ਅੰਤਿਮ ਸਸਕਾਰ ਘਰ ਦੇ ਇਕ ਮੈਨੇਜਰ ਅਨੁਸਾਰ ਵੈਨ ਚਾਲੂ ਹਾਲਤ ਵਿਚ ਨਹੀਂ ਛੱਡੀ ਗਈ ਸੀ ਅਤੇ ਵੈਨ ਡਰਾਈਵਰ ਨੂੰ ਇਸ ਚੋਰੀ ਲਈ ਅਫ਼ਸੋਸ ਹੈ। ਪੁਲਸ ਅਨੁਸਾਰ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਨੇ ਅੰਤਿਮ ਸੰਸਕਾਰ ਘਰ ਨਾਲ ਸਬੰਧਤ ਵਾਹਨ ਚੋਰੀ ਕੀਤਾ ਹੈ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।