ਮੈਲਬੌਰਨ ''ਚ ਹੋਏ ਪੰਜਾਬੀ ਵਿਰਸਾ ਸ਼ੋਅ ਦੌਰਾਨ ਹੋਇਆ ਰਿਕਾਰਡ ਤੋੜ ਇਕੱਠ
Monday, Oct 03, 2022 - 12:29 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- 'ਪੰਜਾਬੀ ਵਿਰਸਾ 2022' ਲੜੀ ਤਹਿਤ ਆਸਟ੍ਰੇਲੀਆ ਦਾ ਪਹਿਲਾ ਸ਼ੋਅ ਸ਼ਨੀਵਾਰ ਨੂੰ ਮੈਲਬੌਰਨ ਐਗਜ਼ੀਬਿਸ਼ਨ ਅਤੇ ਕਨਵੈਨਸ਼ਨ ਸੈਂਟਰ ਵਿਖੇ ਪ੍ਰਬੰਧਕ ਸਰਵਣ ਸੰਧੂ, ਗੁਰਸਾਹਬ ਸੰਧੂ, ਪਰਗਟ ਗਿੱਲ ਅਤੇ ਸਹਿਯੋਗੀਆਂ ਵੱਲੋਂ ਸਾਂਝੇ ਤੌਰ 'ਤੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਪਰਿਵਾਰਿਕ ਤੇ ਉਸਾਰੂ ਗੀਤਾਂ ਦੇ ਪਹਿਰੇਦਾਰ ਤੇ ਪੰਜਾਬੀਆਂ ਦੇ ਮਾਣਮੱਤੇ ਹਰਮਨ ਪਿਆਰੇ ਪੰਜਾਬੀ ਗਾਇਕੀ ’ਚ ਵਿਰਸੇ ਦੇ ਵਾਰਿਸ ਵਜੋਂ ਜਾਣੇ ਜਾਂਦੇ ਵਾਰਿਸ ਭਰਾ ਮਨਮੋਹਣ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਸਾਂਝੇ ਤੌਰ 'ਤੇ ਸ਼ੋਅ ਦੀ ਸ਼ੁਰੂਆਤ 'ਇਕੋ ਘਰ ਨਹੀਂ ਜੰਮਣਾ ਮੁੜ ਟੱਬਰ ਦੇ ਜੀਆਂ ਨੇ' ਗੀਤ ਨਾਲ ਕੀਤੀ। ਵਾਰਿਸ ਭਰਾਵਾਂ ਨੇ ਮਰਹੂਮ ਦੀਪ ਸਿੱਧੂ, ਸੰਦੀਪ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਦਿਆਂ 'ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ' ਗੀਤ ਨਾਲ ਭਾਵੁਕ ਸ਼ਰਧਾਂਜਲੀ ਦਿੱਤੀ।
ਉਪਰੰਤ ਸੰਗੀਤਕਾਰ, ਸ਼ਾਇਰ ਤੇ ਗਾਇਕ ਵਜੋਂ ਜਾਣੇ ਜਾਂਦੇ ਸੰਗਤਾਰ ਨੇ ਆਪਣੀ ਮਿੱਠੀ ਤੇ ਸੁਰੀਲੀ ਗਾਇਕੀ ਰਾਹੀਂ ਗੀਤ 'ਮੈਥੋਂ ਈ-ਮੇਲਾ ਤੇਰੀਆਂ ਡੀਲੀਟ ਹੋ ਗਈਆਂ', ਤੇ ਸ਼ੇਅਰੋ-ਸ਼ਾਇਰੀ ਦੁਆਰਾ ਸਰੋਤਿਆਂ ਨੂੰ ਮੰਤਰ ਮੁਗਧ ਕਰ ਕੇ ਹਾਜ਼ਰੀ ਲਗਵਾਈ।ਇਸ ਤੋਂ ਬਾਅਦ ਕਮਲ ਹੀਰ ਨੇ ਸਟੇਜ 'ਤੇ 'ਜਿੰਦੇਂ ਨੀ ਜਿੰਦੇਂ', 'ਹਾਣ ਦਾ ਸ਼ੌਕੀਨ ਮੁੰਡਾ', ਕੈਂਠੇ ਵਾਲਾ’,ਭਜਨ ਕੁਰੇ, 'ਮਹੀਨਾ ਭੈੜਾ ਮਈ ਦਾ',ਆਦਿ ਗੀਤਾਂ ਨਾਲ ਦਸਤਕ ਦਿੱਤੀ ਤਾਂ ਸਾਰਾ ਪੰਡਾਲ ਤਾੜੀਆਂ ਦੀ ਗੜ-ਗੜਾਹਟ ਨਾਲ ਗੂੰਜ ਉੱਠਿਆ। ਕਮਲ ਹੀਰ ਦੇ ਸੁਰੀਲੇ ਸੁਰਾਂ ਤੇ ਸੰਗੀਤ ਦੀ ਤਾਲ ਨਾਲ ਸਰੋਤਿਆਂ ਨੂੰ ਆਪ ਮੁਹਾਰੇ ਨੱਚਣ ਟੱਪਣ ਲਈ ਮਜਬੂਰ ਕਰੀ ਰੱਖਿਆ ਤੇ ਮਾਹੌਲ ਵਿੱਚ ਸੰਗੀਤਮਈ ਗਰਮਾਹਟ ਭਰ ਦਿੱਤੀ।
ਅਖੀਰ ’ਚ ਪੰਜਾਬੀਆ ਦੇ ਹਰਮਨ ਪਿਆਰੇ ਮਹਿਬੂਬ ਗਾਇਕ ਤੇ ਵਿਰਸੇ ਦੇ ਵਾਰਿਸ ਵਜੋਂ ਜਾਣੇ ਜਾਂਦੇ ਮਿੱਠੀ, ਸੁਰੀਲੀ ਤੇ ਬੁਲੰਦ ਅਵਾਜ਼ ਦੇ ਮਾਲਕ ਮਨਮੋਹਣ ਵਾਰਿਸ ਨੇ ਜਦੋਂ ਸਟੇਜ ’ਤੇ ਆਪਣੇ ਨਵੇਂ ਤੇ ਪੁਰਾਣੇ ਸੱਭਿਆਚਰਕ ਗੀਤਾਂ ਜਿਨ੍ਹਾਂ ’ਚ 'ਕਿਤੇ ਕੱਲੀ ਬਹਿ ਕੇ ਸੋਚੀਂ ਨੀ', ‘ਕੋਕਾ ਕਰਕੇ ਧੋਖਾ’, 'ਨੀਂਦ ਡਰਾਈਵਰ ਨੂੰ ਨਾ ਆਵੇ', 'ਨਾ ਕੱਢੀਏ ਮਾਂ ਦੀ ਗਾਲ ਕਦੇ', 'ਹਿਚਕੀਆਂ', 'ਬਨੇਰਾ ਚੇਤਾ ਆ ਗਿਆ','ਹੁਣ ਲੱਗੇ ਆਸਟ੍ਰੇਲੀਆ ਪੰਜਾਬ ਵਰਗਾ' ਆਦਿ ਗੀਤਾਂ ਅਤੇ ਸ਼ੇਅਰੋ ਸ਼ਾਇਰੀ ਨਾਲ ਪੰਜਾਬ ਦੀ ਜਵਾਨੀ, ਕਿਸਾਨੀ ਤੇ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਿਆਂ ਪਿਆਰ ਤੇ ਸਾਂਝ ਦਾ ਸੁਨੇਹਾਂ ਦਿੰਦਿਆਂ ਪੰਜਾਬ ਨੂੰ ਚੇਤਿਆਂ ਵਿੱਚ ਵਸਾ ਦਿੱਤਾ।ਹਾਲ ਵਿੱਚ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉੱਠਿਆ ਤੇ ਸਰੋਤਿਆਂ ਨੂੰ ਦੇਰ ਰਾਤ ਤੱਕ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਪੰਜਾਬੀ ਵਿਰਸਾ ਸ਼ੋਅ ਨੂੰ ਸਿਖਰਾਂ ਤੱਕ ਪਹੁੰਚਾ ਕੇ ਭਰਪੂਰ ਮਨੋਰੰਜਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਯੂਨੀਵਰਸਿਟੀ 'ਚ ਸਜਾਈਆਂ ਗਈਆਂ ਦਸਤਾਰਾਂ, ਸਿੱਖਾਂ ਬਾਰੇ ਸਾਂਝੀ ਕੀਤੀ ਗਈ ਜਾਣਕਾਰੀ (ਤਸਵੀਰਾਂ)
ਜ਼ਿਕਰਯੋਗ ਹੈ ਕਿ ਵਾਰਸ ਭਰਾਵਾਂ ਦੇ ਮਿਆਰੀ ਅਤੇ ਪੁਖਤਾ ਗਾਇਕੀ ਦਾ ਆਨੰਦ ਮਾਨਣ ਲਈ ਰਿਕਾਰਡ ਤੋਡ਼ ਇਕੱਠ ਹੋ ਜੁੜਿਆ। ਇਸ ਸ਼ੋਅ ’ਚ ਵੱਡੀ ਗਿਣਤੀ ਵਿੱਚ ਆਏ ਹੋਏ ਪਰਿਵਾਰਾਂ ਨੇ ਸਾਬਤ ਕਰ ਦਿੱਤਾ ਕਿ ਸਰੋਤੇ ਅੱਜ ਵੀ ਚੰਗੀ ਤੇ ਸਾਫ ਸੁਥਰੀ ਗਾਇਕੀ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੇ ਹਨ।ਪਲਾਜ਼ਮਾਂ ਕੰਪਨੀ ਦੇ ਡਾਇਰੈਕਟਰ ਤੇ ਪੰਜਾਬੀ ਜਾਗ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਵਾਰਿਸ ਭਰਾਵਾਂ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਦੁਨੀਆਂ ਭਰ ’ਚ ਕੀਤੇ ਜਾ ਰਹੇ ਸ਼ੋਅ ਸਰੋਤਿਆਂ ਦੇ ਭਰਵੇ ਹੁੰਗਾਰੇ ਨਾਲ ਲਗਾਤਾਰ ਸੋਲਡ ਆਊਟ ਜਾ ਰਹੇ ਹਨ ਜੋ ਕਿ ਸ਼ੁਭ ਸ਼ਗਨ ਹੈ।ਵਾਰਿਸ ਭਰਾਵਾਂ ਦਾ ‘ਪੰਜਾਬੀ ਵਿਰਸਾ ਸ਼ੋਅ’ ਵਿਰਸੇ ਦੀ ਬਾਤ ਪਾਉਂਦਾ ਹੋਇਆ ਅਮਿੱਟ ਪੈੜਾਂ ਛੱਡਦਾ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ।ਮੰਚ ਦਾ ਸੰਚਾਲਨ ਰਾਜੂ ਜੋਸ਼ਨ ਅਤੇ ਦੀਪਕ ਬਾਵਾ ਵਲੋਂ ਸ਼ੇਅਰੋ-ਸ਼ਾਇਰੀ ਦੁਆਰਾ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਗਿਆ।