ਪਾਕਿਸਤਾਨ: ਕੁਰਾਨ ਦੀ ਬੇਅਦਬੀ ਦੇ ਦੋਸ਼ ''ਚ ਭੀੜ ਨੇ ਕੀਤਾ ਵਿਅਕਤੀ ਦਾ ਕਤਲ

Friday, Jun 21, 2024 - 10:42 AM (IST)

ਪਾਕਿਸਤਾਨ: ਕੁਰਾਨ ਦੀ ਬੇਅਦਬੀ ਦੇ ਦੋਸ਼ ''ਚ ਭੀੜ ਨੇ ਕੀਤਾ ਵਿਅਕਤੀ ਦਾ ਕਤਲ

ਪੇਸ਼ਾਵਰ (ਭਾਸ਼ਾ) - ਪਾਕਿਸਤਾਨ ਵਿਚ ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਜ਼ਿਲੇ ਵਿਚ ਕੁਰਾਨ ਦੀ ਕਥਿਤ ਬੇਅਦਬੀ ਨੂੰ ਲੈ ਕੇ ਗੁੱਸੇ ਵਿਚ ਆਈ ਭੀੜ ਵਲੋਂ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਅਸ਼ਾਂਤੀ ਵਿਚ ਅੱਠ ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਵਾਤ ਜ਼ਿਲ੍ਹਾ ਪੁਲਸ ਅਧਿਕਾਰੀ (ਡੀਪੀਓ) ਜ਼ਾਹਿਦੁੱਲਾ ਨੇ ਦੱਸਿਆ ਕਿ ਸਿਆਲਕੋਟ, ਪੰਜਾਬ ਦੇ ਇੱਕ ਵਿਅਕਤੀ ਨੇ ਵੀਰਵਾਰ ਰਾਤ ਨੂੰ ਸਵਾਤ ਦੀ ਮਦਾਯਾਨ ਤਹਿਸੀਲ ਵਿੱਚ ਕੁਰਾਨ ਦੇ ਕੁਝ ਪੰਨੇ ਕਥਿਤ ਤੌਰ 'ਤੇ ਸਾੜ ਦਿੱਤੇ ਸਨ।

ਜਾਹਿਦੁੱਲਾ ਨੇ ਦੱਸਿਆ ਕਿ ਸ਼ੱਕੀ ਨੂੰ ਹਿਰਾਸਤ 'ਚ ਲੈ ਕੇ ਮਦਾਯਨ ਥਾਣੇ ਲਿਆਂਦਾ ਗਿਆ। ਪੁਲਸ ਥਾਣੇ ਦੇ ਬਾਹਰ ਭੀੜ ਇਕੱਠੀ ਹੋ ਗਈ ਅਤੇ ਸ਼ੱਕੀ ਨੂੰ ਸੌਂਪਣ ਦੀ ਮੰਗ ਕੀਤੀ, ਜਦੋਂ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਭੀੜ ਵਿੱਚੋਂ ਕਿਸੇ ਨੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਮਦਿਆਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਅਧਿਕਾਰੀ ਨੇ ਦੱਸਿਆ ਕਿ ਫਿਰ ਭੀੜ ਨੇ ਪੁਲਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ। ਬਾਅਦ 'ਚ ਕੁਝ ਲੋਕ ਥਾਣੇ 'ਚ ਦਾਖਲ ਹੋਏ ਅਤੇ ਸ਼ੱਕੀ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਉਸ ਨੇ ਦੱਸਿਆ ਕਿ ਗੋਲੀ ਮਾਰਨ ਤੋਂ ਬਾਅਦ ਉਹ ਸ਼ੱਕੀ ਦੀ ਲਾਸ਼ ਨੂੰ ਘਸੀਟ ਕੇ ਮਦਾਯਨ ਅੱਡਾ ਲੈ ਗਏ ਅਤੇ ਉੱਥੇ ਉਸ ਨੂੰ ਲਟਕਾ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਕਾਰਨ ਭੜਕੀ ਹਿੰਸਾ 'ਚ ਅੱਠ ਲੋਕ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਮਦਾਯਨ ਵਿੱਚ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਸਥਿਤੀ ਨੂੰ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਕੇਪੀਕੇ ਅਲੀ ਅਮੀਨ ਗੰਡਾਪੁਰ ਨੇ ਘਟਨਾ ਦਾ ਨੋਟਿਸ ਲੈਂਦਿਆਂ ਸੂਬਾਈ ਪੁਲਿਸ ਮੁਖੀ ਤੋਂ ਰਿਪੋਰਟ ਮੰਗੀ ਹੈ। ਮੁੱਖ ਮੰਤਰੀ ਨੇ ਸਥਿਤੀ ਨੂੰ ਕਾਬੂ ਕਰਨ ਲਈ ਹੰਗਾਮੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਅਤੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ।


author

Harinder Kaur

Content Editor

Related News