ਨਿਊਜ਼ੀਲੈਂਡ 'ਚ ਸਿੱਖ ਭਾਈਚਾਰੇ ਨੇ ਰਚਿਆ ਇਤਿਹਾਸ, ਗੁਰੂਘਰਾਂ ਤੇ ਯੂਥ ਕਲੱਬਾਂ ਨੇ ਰਲ ਕੇ ਬਣਾਈ ਸਾਂਝੀ ਸੰਸਥਾ
Sunday, Sep 18, 2022 - 04:38 PM (IST)

ਆਕਲੈਂਡ (ਹਰਮੀਕ ਸਿੰਘ) : ਅੱਜ 18 ਸਤੰਬਰ, 2022 ਦਾ ਦਿਨ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਲਈ ਇਤਿਹਾਸਕ ਹੋ ਨਿੱਬੜਿਆ, ਜਦੋਂ 25 ਗੁਰੂ ਘਰਾਂ, ਸਮਾਜਿਕ ਭਲਾਈ ਦੇ ਖੇਤਰ ਕੰਮ ਕਰਦੀਆਂ ਸੰਸਥਾਵਾਂ ਤੇ ਖੇਡਾਂ ਵਿੱਚ ਗਤੀਸ਼ੀਲ ਕਲੱਬਾਂ ਵੱਲੋਂ ਰਲਕੇ 'ਸਾਂਝੀ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ' ਦਾ ਗਠਨ ਕਰ ਲਿਆ ਗਿਆ। ਆਕਲੈਂਡ ਵਿੱਚ ਜਿੱਥੇ ਸਥਾਨਿਕ ਸੰਸਥਾਵਾਂ ਦੇ ਨੁਮਾਇੰਦੇ ਟਾਕਾਨੀਨੀ ਗੁਰੂ ਘਰ ਇਕੱਠੇ ਹੋਏ। ਉੱਥੇ ਹੀ ਆਕਲੈਂਡ ਤੋਂ ਬਾਹਰੋਂ ਜ਼ੂਮ ਦੇ ਮਾਧਿਅਮ ਰਾਹੀਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ (ਇਨਕਾਰਪੋਰੇਟਿਡ) ਦਾ ਪਹਿਲਾ ਪ੍ਰਧਾਨ ਸ. ਦਲਜੀਤ ਸਿੰਘ ਨੂੰ ਚੁਣਿਆ ਗਿਆ ਹੈ। ਉੱਥੇ ਹੀ ਬਜੁਰਗ ਆਗੂ ਸ. ਪਿਰਥੀਪਾਲ ਸਿੰਘ ਬਸਰਾ ਸੰਸਥਾ ਦੇ ਚੇਅਰਮੈਨ ਬਣਾਏ ਗਏ ਹਨ।
ਸੈਕਟਰੀ ਜਰਨਲ ਦੀ ਸੇਵਾ ਸ. ਕਰਮਜੀਤ ਸਿੰਘ ਤਲਵਾਰ ਨੂੰ ਦਿੱਤੀ ਗਈ ਹੈ। ਮੀਤ ਪ੍ਰਧਾਨ ਦੇ ਤੌਰ 'ਤੇ ਸ. ਗੁਰਿੰਦਰ ਸਿੰਘ ਸ਼ਾਦੀਪੁਰ, ਸਹਾਇਕ ਸਕੱਤਰ ਸ. ਮਲਕੀਤ ਸਿੰਘ ਸਹੋਤਾ, ਖਜ਼ਾਨਾ ਮੰਤਰੀ ਸ. ਮਨਜੀਤ ਸਿੰਘ ਬਾਠ, ਸਹਾਇਕ ਖਜ਼ਾਨਾ ਮੰਤਰੀ ਬੀਬੀ ਜਤਿੰਦਰ ਕੌਰ, ਸੰਸਥਾ ਦੇ ਆਡੀਟਰ ਐਡਵੋਕੇਟ ਰਣਬੀਰ ਸਿੰਘ ਸੰਧੂ ਹੋਣਗੇ। ਉੱਥੇ ਹੀ ਸਪੋਕਸਪਰਸਨ ਵਜੋਂ ਸ. ਰਣਬੀਰ ਸਿੰਘ ਲਾਲੀ ਸੇਵਾ ਦੇਣਗੇ। ਇਸੇ ਤਰੀਕੇ ਉਕਤ ਸੰਸਥਾ ਵਿੱਚ ਵੱਖ ਵੱਖ ਵਿੰਗ ਬਣਾਏ ਗਏ ਹਨ, ਜਿਹਨਾਂ ਵਿੱਚ ਧਾਰਮਿਕ ਮਾਮਲਿਆਂ ਦੇ ਚੇਅਰਪਰਸਨ ਹਰਦਿਆਲ ਸਿੰਘ, ਇੰਮੀਗਰੇਸ਼ਨ ਮਾਮਲਿਆਂ ਦੇ ਚੇਅਰਪਰਸਨ ਪਰਮਜੀਤ ਸਿੰਘ ਵਲਿੰਗਟਨ, ਇਸਤਰੀ ਵਿੰਗ ਦੇ ਚੇਅਰਪਰਸਨ ਬੀਬੀ ਜੀਤ ਕੌਰ, ਨੌਜਵਾਨ ਮਾਮਲਿਆਂ ਦੇ ਚੇਅਰਪਰਸਨ ਅੰਮ੍ਰਿਤਪਾਲ ਸਿੰਘ ਮਾਨ ਅਤੇ ਸੰਵਿਧਾਨਕ ਮਾਮਲਿਆਂ ਦੇ ਚੇਅਰਪਰਸਨ ਸ. ਅਜੀਤ ਸਿੰਘ ਰੰਧਾਵਾ ਹੋਣਗੇ।
ਤਕਨੀਕੀ (ਆਈ.ਟੀ) ਕੋਆਰਡੀਨੇਟਰ ਵਜੋਂ ਨਵਤੇਜ ਰੰਧਾਵਾ ਸੇਵਾਵਾਂ ਦੇਣਗੇ।ਉੱਥੇ ਹੀ ਸਾਬਕਾ ਮੈਂਬਰ ਪਾਰਲੀਮੈਂਟ ਡਾ:ਪਰਮਜੀਤ ਪਰਮਾਰ ਪਾਲਿਸੀ ਮੇਕਿੰਗ ਤੇ ਸੰਸਥਾ ਦੇ ਸਲਾਹਕਾਰ ਹੋਣਗੇ। ਉਕਤ ਸਮੁੱਚੀ ਚੋਣ ਸਰਬਸੰਮਤੀ ਨਾਲ ਸਭ ਸੰਸਥਾਵਾਂ ਵੱਲੋਂ ਰਲਕੇ ਕੀਤੀ ਗਈ ਹੈ। ਚੋਣ ਤੋਂ ਉਪਰੰਤ ਸੰਸਥਾ ਦੇ ਫਾਊਂਡਰ ਪ੍ਰਧਾਨ ਬਣਨ ਵਾਲੇ ਸ. ਦਲਜੀਤ ਸਿੰਘ ਅਨੁਸਾਰ ਉਕਤ ਸੰਸਥਾ ਦੇ ਮਾਧਿਅਮ ਰਾਹੀਂ ਜਿੱਥੇ ਮੁਲਕ ਭਰ ਤੋਂ ਸਿੱਖ ਭਾਈਚਾਰੇ ਦੀਆਂ ਸਮੱਸਿਆਵਾਂ ਤੇ ਮਸਲਿਆਂ 'ਤੇ ਨੀਤੀਗਤ ਤਰੀਕੇ ਨਾਲ ਕੰਮ ਕੀਤਾ ਜਾਵੇਗਾ। ਉਹਨਾਂ ਅਨੁਸਾਰ ਸੰਸਥਾ ਨਾਲ ਜੁੜੇ 25 ਗੁਰੂ ਘਰਾਂ ਦੇ ਇਸ ਮੌਕੇ 5000 ਵਿੱਤੀ ਮੈਂਬਰ ਵੀ ਉਕਤ ਸੰਸਥਾ ਦਾ ਅਸਿੱਧੇ ਰੂਪ ਵਿੱਚ ਹਿੱਸਾ ਹੋਣਗੇ, ਕਿਉਕਿ ਉਹਨਾਂ ਦੇ ਡੈਲੀਗੇਟ ਹੀ ਅੱਗੇ ਕਾਰਜਕਾਰਨੀ ਦਾ ਨਿਰਮਾਣ ਕਰਦੇ ਹਨ। ਉੱਥੇ ਹੀ ਬਹੁਤ ਵਿੰਗਾਂ ਦੇ ਚੇਅਰਪਰਸਨ ਹੋਰ ਨਿਯੁਕਤੀਆਂ ਵੀ ਜਲਦ ਹੀ ਸੰਸਥਾ ਵੱਲੋਂ ਕੀਤੀਆਂ ਜਾਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਆਈ ਦੁਖਦਾਇਕ ਖ਼ਬਰ, ਮਿਲਟਨ ਗੋਲੀ ਕਾਂਡ 'ਚ ਜ਼ਖਮੀ ਸਤਵਿੰਦਰ ਸਿੰਘ ਦੀ ਹੋਈ ਮੌਤ
ਇੱਥੇ ਜ਼ਿਕਰਯੋਗ ਹੈ ਕਿ ਸੰਸਥਾ ਦੇ ਸਾਰੇ ਚੁਣੇ ਮੁਢਲੇ ਮੈਂਬਰਾਂ ਦੀ ਪਿਛਲੇ ਦੋ ਸਾਲ ਦੀ ਕਾਰਗੁਜਾਰੀ ਨੂੰ ਦੇਖ ਕਿ ਚੋਣ ਕੀਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਅਗਲੀ ਜਣਗਣਨਾ ਤੱਕ ਸਿੱਖ ਭਾਈਚਾਰਾ ਜਿੱਥੇ ਇੱਕ ਲੱਖ ਦੀ ਗਿਣਤੀ ਤੋਂ ਪਾਰ ਹੋ ਕੇ ਮੁਲਕ ਦੀ 2% ਅਬਾਦੀ ਹੋ ਜਾਵੇਗਾ। ਅਜਿਹੇ ਸਮੇ ਵਿਚ ਅਜਿਹੀ ਸੈਂਟਰਲ ਤੇ ਲੋਕਤੰਤਰਿਕ ਕੌਮੀ ਸੰਸਥਾ ਦੀ ਸਥਾਨਿਕ ਭਾਈਚਾਰੇ ਨੂੰ ਲੰਬੇ ਸਮੇਂ ਤੋਂ ਜ਼ਰੂਰਤ ਸੀ। ਜੋ ਹੁਣ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਮਾਧਿਅਮ ਰਾਹੀਂ ਪੂਰੇ ਸਿੱਖ ਭਾਈਚਾਰੇ ਲਈ ਸਰਬ ਸਾਂਝਾ ਮੰਚ ਸਾਬਿਤ ਹੋਵੇਗੀ। ਨਿਊਜ਼ੀਲੈਂਡ ਦੇ ਸਿੱਖਾਂ ਨੇ ਗੋਲਕਾਂ ਤੇ ਪ੍ਰਧਾਨਗੀਆਂ ਪਿੱਛੇ ਹੁੰਦੀਆਂ ਲੜਾਈਆਂ ਨੂੰ ਝੁਠਲਾਉਂਦੇ ਨਵੀ ਮਿਸਾਲ ਪੇਸ਼ ਕੀਤੀ ਹੈ, ਜੋ ਸੋਚਣ ਨੂੰ ਅਸੰਭਵ ਹੀ ਨਹੀ ਇੱਕ ਸੁਪਨਾ ਲੱਗਦੀ ਸੀ। ਇਹ ਸੰਸਥਾ ਪੂਰੇ ਜ਼ੋਰ-ਸ਼ੋਰ ਨਾਲ ਕਮਿਊਨਟੀ ਦੇ ਮਸਲਿਆਂ 'ਤੇ ਵਕਾਲਤ ਕਰੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।