ਪਾਕਿਸਤਾਨ ਦੇ ਕਸਬਾ ਗੁਜ਼ਰ ਖਾਨ ’ਚ ਪ੍ਰਾਥਨਾ ਸਭਾ ਦੇ ਬਾਅਦ ਚਰਚ ਨੂੰ ਲੱਗੀ ਅੱਗ, ਚਰਚ ਸੜ੍ਹ ਕੇ ਸੁਆਹ
Sunday, Mar 31, 2024 - 05:15 PM (IST)
ਗੁਰਦਾਸਪੁਰ/ਲਾਹੌਰ(ਵਿਨੋਦ) : ਪਾਕਿਸਤਾਨ ਦੇ ਗੁਜਰ ਖਾਨ ਕਸਬੇ ਵਿਚ ਸਥਿਤ ਇਕ ਪ੍ਰੈਸਬੀਟੇਰੀਅਨ ਚਰਚ ਵਿਚ ਬੀਤੀ ਰਾਤ ਅੱਗ ਲੱਗ ਗਈ। ਚਰਚ ਨੂੰ ਅੱਗ ਲੱਗਣ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਲੋਕਾਂ ਨੇ ਧਰਨਾ ਦਿੱਤਾ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਮੁਆਵਜ਼ੇ ਦੀ ਮੰਗ ਕੀਤੀ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਚਰਚ ਨੂੰ ਅੱਗ ਲਾਉਣ ਲਈ ਇੱਕ ਪਲਾਜ਼ਾ ਦੇ ਮਾਲਕ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਗੁੱਡ ਫਰਾਈਡੇ ’ਤੇ ਇਸ ਚਰਚ ’ਚ ਪ੍ਰਾਰਥਨਾ ਸਭਾ ਦਾ ਆਯੋਜਨ ਹੋਣ ਕਾਰਨ ਚਰਚ ਦੇ ਪ੍ਰਬੰਧਕਾਂ ਨੇ ਸੁਰੱਖਿਆ ਕਾਰਨਾਂ ਕਰਕੇ ਚਰਚ ਦੇ ਨਾਲ ਲੱਗਦੀ ਸੜਕ ਨੂੰ ਬੰਦ ਕਰ ਦਿੱਤਾ ਸੀ। ਜਿਸ ਦਾ ਪਲਾਜ਼ਾ ਮਾਲਕ ਵੱਲੋਂ ਵਿਰੋਧ ਕੀਤਾ ਗਿਆ ਅਤੇ ਸੜਕ ਨੂੰ ਬੰਦ ਕਰਨ ਨੂੰ ਲੈ ਕੇ ਪਲਾਜ਼ਾ ਮਾਲਕ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਵਿਚਕਾਰ ਤਕਰਾਰ ਅਤੇ ਝਗੜਾ ਹੋ ਗਿਆ। ਪਰ ਦੂਜੇ ਪਾਸੇ ਰਾਵਲਪਿੰਡੀ ਦੇ ਸੀ. ਪੀ. ਓ. ਖਾਲਿਦ ਮਹਿਮੂਦ ਹਮਦਾਨੀ ਅਨੁਸਾਰ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੌਕੇ ’ਤੇ ਕੋਈ ਜਲਣਸ਼ੀਲ ਪਦਾਰਥ ਨਹੀਂ ਮਿਲਿਆ।
ਇਹ ਵੀ ਪੜ੍ਹੋ : 4 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਪਤਨੀ ਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
ਇੱਕ ਸਵਾਲ ਦੇ ਜਵਾਬ ਵਿੱਚ ਸੀ. ਪੀ. ਓ. ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਚੁੱਕੇ ਹਨ ਅਤੇ ਪਲਾਜ਼ਾ ਦੇ ਮਾਲਕ ਦਾ ਅੱਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਈਸਾਈ ਭਾਈਚਾਰੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਪਲਾਜ਼ਾ ਮਾਲਕ ਨੇ ਚਰਚ ਨੂੰ ਅੱਗ ਲਾਉਣ ਦੀ ਧਮਕੀ ਵੀ ਦਿੱਤੀ ਸੀ ਅਤੇ ਜਿਵੇਂ ਹੀ ਅਸੀਂ ਸਾਰੇ ਪ੍ਰਾਰਥਨਾ ਸਭਾ ਤੋਂ ਬਾਅਦ ਚਰਚ ਬੰਦ ਕਰਕੇ ਆਪਣੇ ਘਰਾਂ ਨੂੰ ਗਏ ਤਾਂ ਚਰਚ ਨੂੰ ਅੱਗ ਲੱਗ ਗਈ। ਇਸ ਸਬੰਧੀ ਜਦੋਂ ਪੁਲਸ ਨੇ ਇਨਸਾਫ਼ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਚਰਚ ਦੇ ਬਾਹਰ ਧਰਨਾ ਦਿੱਤਾ ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਵਿਖੇ ਸੇਵਾ ਦੌਰਾਨ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
ਚਰਚ ਦੇ ਕੇਅਰਟੇਕਰ ਐਲਡਰ ਜਾਵੇਦ ਨੇ ਮੀਡੀਆ ਨੂੰ ਦੱਸਿਆ ਕਿ ਪੁਲਸ ਨੇ ਸ਼ਾਰਟ ਸਰਕਟ ਨੂੰ ਅੱਗ ਲੱਗਣ ਦਾ ਕਾਰਨ ਦੱਸਦੇ ਹੋਏ ਸ਼ਿਕਾਇਤ ਦਰਜ ਨਹੀਂ ਕੀਤੀ ਹੈ, ਹਾਲਾਂਕਿ ਉਸ ਨੇ ਆਪਣੇ ਬਿਆਨ ਵਿੱਚ ਇਸ ਦਾ ਜ਼ਿਕਰ ਨਹੀਂ ਕੀਤਾ ਹੈ। ਉਸ ਨੇ ਦੱਸਿਆ ਕਿ ਇਲਾਕੇ ਦੇ ਇੱਕ ਵਸਨੀਕ ਦਾ ਉਸ ਨਾਲ ਝਗੜਾ ਹੋ ਗਿਆ ਸੀ। ਜਾਵੇਦ ਨੇ ਦੋਸ਼ ਲਾਇਆ ਕਿ ਉਸ ਨੇ ਜਾਂ ਕਿਸੇ ਹੋਰ ਦੇ ਕਹਿਣ ’ਤੇ ਚਰਚ ਨੂੰ ਅੱਗ ਲਾ ਦਿੱਤੀ। ਸਹਾਇਕ ਕਮਿਸ਼ਨਰ ਗੁਜਰ ਖਾਨ ਮੁਰਾਦ ਹੁਸੈਨ ਨੇ ਪ੍ਰਦਰਸ਼ਨਕਾਰੀਆਂ ਨੂੰ ਘਟਨਾ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : ਪਿਓ ਤੇ ਭਰਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਈ ਤਾਂ ਕਰ ਦਿੱਤਾ ਕਤਲ
ਚਰਚ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਚਰਚ ਦੇ ਨੇੜੇ ਸਥਿਤ ਪਲਾਜ਼ਾ ਦੇ ਮਾਲਕ ਨੇ ਚਰਚ ਪ੍ਰਸ਼ਾਸਨ ਨੂੰ ਗੁੱਡ ਫਰਾਈਡੇ ਤੇ ਸੁਰੱਖਿਆ ਦੇ ਮੱਦੇਨਜ਼ਰ ਗਲੀ ਅਤੇ ਸੜਕ ’ਤੇ ਲੱਗੇ ਟੈਂਟਾਂ ਨੂੰ ਹਟਾਉਣ ਲਈ ਕਿਹਾ ਸੀ, ਪਰ ਪੁਲਸ ਅਤੇ ਸਥਾਨਕ ਲੋਕਾਂ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਚਰਚ ਰਾਤ ਲਈ ਬੰਦ ਸੀ ਪਰ ਸਵੇਰੇ ਉਨ੍ਹਾਂ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਚਰਚ ਦੀ ਇਮਾਰਤ ’ਚੋਂ ਵੱਡੀਆਂ-ਵੱਡੀਆਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਉਸ ਨੇ ਦੱਸਿਆ ਕਿ ਅੱਗ ਨਾਲ ਚਰਚ ਦਾ ਬਹੁਤਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8