ਹੈਰਾਨੀਜਨਕ! ਇਕ ਕੱਪ ਕੌਫੀ ਦੀ ਕੀਮਤ 1 ਲੱਖ ਤੋਂ ਵੱਧ, 2 ਹਫ਼ਤੇ ਪਹਿਲਾਂ ਆਰਡਰ ਕਰਨਾ ਜ਼ਰੂਰੀ
Wednesday, May 17, 2023 - 04:27 PM (IST)
ਇੰਟਰਨੈਸ਼ਨਲ ਡੈਸਕ- ਜੇਕਰ ਤੁਸੀਂ ਕੌਫੀ ਪੀਣ ਦੇ ਸ਼ੁਕੀਨ ਹੋ ਤਾਂ ਇਹ ਖ਼ਬਰ ਤੁਹਾਨੂੰ ਹੈਰਾਨ ਕਰ ਦੇਵੇਗੀ। ਆਸਟ੍ਰੇਲੀਆ 'ਚ ਕੌਫੀ ਦੀ ਇਕ ਦੁਕਾਨ ਖੁੱਲ੍ਹੀ ਹੈ, ਜਿੱਥੇ 1 ਕੱਪ ਕੌਫੀ ਦੀ ਕੀਮਤ 1500 ਡਾਲਰ ਯਾਨੀ ਕਰੀਬ 1.28 ਲੱਖ ਰੁਪਏ ਹੈ। ਇੰਨਾ ਹੀ ਨਹੀਂ ਜੇਕਰ ਤੁਸੀਂ ਇਸ ਕੌਫੀ ਨੂੰ ਪੀਣਾ ਚਾਹੁੰਦੇ ਹੋ ਤਾਂ ਤੁਹਾਨੂੰ 2 ਹਫ਼ਤੇ ਪਹਿਲਾਂ ਆਰਡਰ ਬੁੱਕ ਕਰਨਾ ਹੋਵੇਗਾ। ਆਖ਼ਰ ਇਸ ਵਿਚ ਅਜਿਹਾ ਕੀ ਹੈ ਕਿ ਇਸ ਦੀ ਕੀਮਤ ਇੰਨੀ ਜ਼ਿਆਦਾ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ।
ਪੱਛਮੀ ਸਿਡਨੀ ਦੇ ਪੇਨਰਿਥ ਵਿੱਚ ਸਥਿਤ ਬਰੂ ਲੈਬ ਕੈਫੇ ਉਦੋਂ ਪੂਰੀ ਦੁਨੀਆ ਵਿੱਚ ਸੁਰਖੀਆਂ ਵਿੱਚ ਆ ਗਿਆ, ਜਦੋਂ ਇਸਦੇ ਮਾਲਕ ਨੇ ਇਸਦੀਆਂ ਕੀਮਤਾਂ ਦਾ ਐਲਾਨ ਕੀਤਾ। ਉਸਨੇ ਇਹ ਵੀ ਦੱਸਿਆ ਕਿ ਇਹ ਕੌਫੀ ਇੰਨੀ ਮਹਿੰਗੀ ਕਿਉਂ ਹੈ ਅਤੇ ਆਰਡਰ 2 ਹਫ਼ਤੇ ਪਹਿਲਾਂ ਕਿਉਂ ਦੇਣਾ ਪੈਂਦਾ ਹੈ। ਦਰਅਸਲ ਇਸ ਵਿੱਚ ਜੋ ਕੌਫੀ ਪਾਈ ਜਾਂਦੀ ਹੈ, ਉਹ ਪਨਾਮਾ ਅਤੇ ਕੋਸਟਾ ਰੀਕਾ ਦੀ ਸਰਹੱਦ ਨੇੜੇ ਸਿਲਾ ਡੀ ਪਾਂਡੋ ਵਿੱਚ ਇੱਕ ਜਵਾਲਾਮੁਖੀ ਕੰਢੇ ਉਗਾਈ ਜਾਂਦੀ ਹੈ। ਫਿਰ ਇਸ ਨੂੰ ਭੁੰਨਿਆ ਜਾਂਦਾ ਹੈ। ਇਹ ਸਥਾਨ ਸਮੁੰਦਰ ਤਲ ਤੋਂ 1,700 ਮੀਟਰ ਉੱਚਾ ਹੈ। ਇਸ ਲਈ ਇਸ ਦੀ ਕੀਮਤ ਇੰਨੀ ਜ਼ਿਆਦਾ ਹੈ। ਜਿੰਨੇ ਵਿਚ ਤੁਸੀਂ ਸਾਲ ਭਰ ਕੌਫੀ ਪੀ ਸਕਦੇ ਹੋ, ਓਨੀ ਕੀਮਤ ਵਿਚ ਤੁਹਾਨੂੰ ਇੱਥੇ ਇੱਕ ਕੱਪ ਕੌਫੀ ਮਿਲੇਗੀ।
ਹਾਸਲ ਕੀਤਾ 90 ਗ੍ਰੇਡ, ਜੋ ਕਿ ਸੰਸਾਰ ਵਿੱਚ ਸਰਬੋਤਮ
ਬਰੂ ਲੈਬ ਕੈਫੇ ਦੇ ਮਾਲਕ ਮਿਚ ਜੌਨਸਨ ਨੇ ਕੌਫੀ ਦੇ ਵਿਲੱਖਣ ਸਵਾਦ ਦਾ ਖੁਲਾਸਾ ਕੀਤਾ। ਉਸ ਨੇ ਸਮਾਚਾਰ ਏਜੰਸੀ 9 ਨਿਊਜ਼ ਨੂੰ ਦੱਸਿਆ ਕਿ ਜਦੋਂ ਲੋਕ ਇਸਨੂੰ ਪੀਂਦੇ ਹਨ, ਤਾਂ ਜ਼ਿਆਦਾਤਰ ਕਹਿੰਦੇ ਹਨ ਕਿ ਇਹ ਕੌਫੀ ਨਾਲੋਂ ਵਧੇਰੇ ਚਾਹ ਵਰਗੀ ਹੈ। ਸਪੈਸ਼ਲਿਟੀ ਕੌਫੀ ਐਸੋਸੀਏਸ਼ਨ ਨੇ ਇਸ ਕੌਫੀ ਨੂੰ ਗ੍ਰੇਡ 90 ਵਜੋਂ ਮਾਨਤਾ ਦਿੱਤੀ ਹੈ, ਜੋ ਕਿ ਵਿਸ਼ਵ ਵਿੱਚ ਸਭ ਤੋਂ ਉੱਚਾ ਗ੍ਰੇਡ ਹੈ। ਜੇਕਰ ਕਿਸੇ ਦਾ ਗ੍ਰੇਡ 80 ਤੋਂ ਉੱਪਰ ਹੈ, ਤਾਂ ਮੰਨਿਆ ਜਾਂਦਾ ਹੈ ਕਿ ਉਸ ਕੋਲ ਕੁਝ ਵੱਖਰੀ ਵਿਸ਼ੇਸ਼ਤਾ ਹੋਵੇਗੀ। ਉਹ ਦੁਰਲੱਭ ਜਾਂ ਸ਼ਾਨਦਾਰ ਦਰਜਾ ਰੱਖਦਾ ਹੈ
ਪੜ੍ਹੋ ਇਹ ਅਹਿਮ ਖ਼ਬਰ-20 ਕਰੋੜ ਮਾਮਲਿਆਂ 'ਚੋਂ ਇਕ ਹੁੰਦਾ ਹੈ ਅਜਿਹਾ, ਔਰਤ ਨੇ ਇਕੋ ਜਿਹੇ 3 ਬੱਚਿਆਂ ਨੂੰ ਦਿੱਤਾ ਜਨਮ (ਤਸਵੀਰਾਂ)
ਜਾਨਸਨ ਨੇ ਕਹੀ ਇਹ ਗੱਲ
ਜਾਨਸਨ ਨੇ ਦੱਸਿਆ ਕਿ ਇਹ ਇੱਕ ਅਸਧਾਰਨ ਕੌਫੀ ਹੈ। ਅਜਿਹੀ ਕੌਫੀ ਜੋ ਲੋਕਾਂ ਦੀਆਂ ਅੱਖਾਂ 'ਚੋਂ ਹੰਝੂ ਕੱਢ ਦਿੰਦੀ ਹੈ। ਮੈਨੂੰ ਪਤਾ ਹੈ ਕਿ ਅਜਿਹੀਆਂ ਗੱਲਾਂ ਕਹਿਣਾ ਪਾਗਲਪਨ ਵਾਂਗ ਹੈ ਪਰ ਅਜਿਹਾ ਹੋਇਆ ਹੈ। ਇਸ ਨੂੰ ਪੀਣ ਤੋਂ ਬਾਅਦ ਮੈਂ ਖ਼ੁਦ ਲੋਕਾਂ ਦੀਆਂ ਅੱਖਾਂ 'ਚੋਂ ਹੰਝੂ ਆਉਂਦੇ ਦੇਖੇ ਹਨ। ਹਾਲਾਂਕਿ ਗਾਹਕਾਂ ਦੀ ਗਿਣਤੀ ਬਹੁਤ ਘੱਟ ਹੈ। ਕੌਫੀ ਸਰਵ ਕਰਨ ਦਾ ਤਰੀਕਾ ਵੀ ਖਾਸ ਹੈ। ਕੌਫੀ ਆਮ ਤੌਰ 'ਤੇ ਇਕ ਐਸਪ੍ਰੈਸੋ ਮਸ਼ੀਨ ਰਾਹੀਂ ਦੁਕਾਨ ਵਿਚ ਤਿਆਰ ਕੀਤੀ ਜਾਂਦੀ ਹੈ। ਪਰ ਇੱਥੇ ਕੌਫੀ ਫਿਲਟਰ ਪਹਿਲਾਂ ਗਿੱਲਾ ਕੀਤਾ ਜਾਂਦਾ ਹੈ। ਫਿਰ ਕੌਫੀ ਨੂੰ ਫਿਲਟਰ 'ਤੇ ਰੱਖ ਕੇ ਉਸ 'ਤੇ 94 ਡਿਗਰੀ ਸੈਂਟੀਗਰੇਡ ਤੱਕ ਗਰਮ ਪਾਣੀ ਪਾ ਦਿੱਤਾ ਜਾਂਦਾ ਹੈ ਤਾਂ ਕਿ ਸੁਆਦ ਖਰਾਬ ਨਾ ਹੋਵੇ। ਕਾਫੀ ਲੰਬੀ ਪ੍ਰਕਿਰਿਆ ਤੋਂ ਬਾਅਦ ਹੀ ਕੌਫੀ ਗਾਹਕ ਨੂੰ ਦਿੱਤੀ ਜਾਂਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।