ਮਿਹਨਤ ਤੇ ਲਗਨ ਨਾਲ ਇਸ ਬੇਬੇ ਨੇ ਬਣਾਇਆ ਅਜਿਹਾ ਰਿਕਾਰਡ, ਹਰ ਕੋਈ ਕਰਦੈ ਸਿਫਤਾਂ

06/11/2017 11:09:33 AM

ਬਰੈਂਪਟਨ— ਕਹਿੰਦੇ ਨੇ ਕਿ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ। ਕੋਈ ਵੀ ਵਿਅਕਤੀ ਕਿਸੇ ਵੀ ਉਮਰ 'ਚ ਆਪਣੀ ਪੜ੍ਹਾਈ ਪੂਰੀ ਕਰ ਸਕਦਾ ਹੈ। ਕੈਨੇਡਾ 'ਚ ਰਹਿ ਰਹੀ 89 ਸਾਲਾ ਬੇਬੇ ਨੇ ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ। ਬਰੈਂਪਟਨ ਸ਼ਹਿਰ 'ਚ ਰਹਿਣ ਵਾਲੀ ਬੇਬੇ ਨੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ । ਬੀਬੀ ਅਲਮਾ ਕੋਚਿਆਲਕ ਨਾਂ ਦੀ ਬੇਬੇ ਨੇ ਟੋਰਾਂਟੋ ਸਥਿਤ 'ਯੌਰਕ ਯੂਨੀਵਰਸਿਟੀ' ਤੋਂ ਬੀ.ਏ. ਪਾਸ ਕੀਤੀ ਹੈ ਅਤੇ 21 ਜੂਨ ਨੂੰ ਯੂਨੀਵਰਸਿਟੀ 'ਚ ਕਨਵੋਕੇਸ਼ਨ ਦੌਰਾਨ ਡਿਗਰੀ ਪ੍ਰਾਪਤ ਕਰਨ ਜਾ ਰਹੀ ਹੈ। ਇਸ ਯੂਨੀਵਰਿਸਟੀ ਤੋਂ ਹੋਰ ਵੀ 670 ਬਜ਼ੁਰਗ ਵੀ ਪੜ੍ਹਾਈ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਸਭ ਦੀ ਉੁਮਰ 50 ਸਾਲਾਂ ਤਕ ਹੀ ਸੀ ਪਰ ਅਲਮਾ ਉਨ੍ਹਾਂ 'ਚੋਂ ਸਭ ਤੋਂ ਵੱਡੀ ਉਮਰ ਦੀ ਔਰਤ ਹੈ। ਘਰੇਲੂ ਰੁਝੇਵਿਆਂ ਕਾਰਨ 1978 ਵਿੱਚ ਉਸ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਸੀ ਪਰ 2011 'ਚ ਉਨ੍ਹਾਂ ਨੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ, ਜਿਸ ਸਮੇਂ ਉਹ 84 ਸਾਲਾਂ ਦੀ ਸੀ। 

PunjabKesari
ਉਸ ਨੇ ਪੂਰੀ ਮਿਹਨਤ ਨਾਲ ਕਲਾਸਾਂ ਲਗਾਈਆਂ ਅਤੇ ਪੜ੍ਹਾਈ ਪੂਰੀ ਕੀਤੀ। ਅਲਮਾ ਦੀ ਮਿਹਨਤ ਤੇ ਲਗਨ ਤੋਂ ਯੂਨੀਵਰਸਿਟੀ ਦਾ ਸਟਾਫ ਪ੍ਰਭਾਵਿਤ ਹੈ, ਜਿਨ੍ਹਾਂ ਨੇ ਬੀਤੇ ਹਫਤੇ ਲੰਚ ਕਰਵਾਉਣ ਲਈ ਉਸ ਨੂੰ ਪਰਿਵਾਰ ਸਮੇਤ ਵਿਸ਼ੇਸ਼ ਸੱਦਾ ਦਿੱਤਾ ਸੀ । ਜੁਲਾਈ 'ਚ ਉਹ ਆਪਣਾ 90ਵਾਂ ਜਨਮ ਦਿਨ ਮਨਾਉਣ ਜਾ ਰਹੀ ਹੈ ਅਤੇ ਉਹ ਯੌਰਕ ਯੂਨੀਵਰਸਿਟੀ ਤੋਂ ਬੀ.ਏ. ਕਰਨ ਵਾਲੀ ਸਭ ਤੋਂ ਵਧ ਉਮਰ ਦੀ ਔਰਤ ਬਣ ਚੁੱਕੀ ਹੈ।  
ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਹਿੰਮਤ ਨਾ ਹਾਰੀ। ਉਸ ਨੇ ਦੱਸਿਆ ਕਿ  ਕਈ ਵਾਰ ਕਾਲਜ ਆਉਣ ਜਾਣ ਸਮੇਂ ਇੰਨੀ ਬਰਫ ਪੈਂਦੀ ਸੀ ਕਿ ਉਸ ਨੂੰ 15-20 ਮਿੰਟ ਤਾਂ ਸਿਰਫ ਕਾਰ ਸਾਫ ਕਰਨ ਨੂੰ ਹੀ ਲੱਗ ਜਾਂਦੇ ਸਨ। ਤਕਨਾਲੋਜੀ ਦੀ ਘੱਟ ਜਾਣਕਾਰੀ ਹੋਣ ਕਾਰਨ ਵੀ ਉਹ ਪਰੇਸ਼ਾਨ ਹੋ ਜਾਂਦੀ ਸੀ। ਇਕ ਵਾਰ ਉਸ ਨੇ ਇਕ ਖਾਸ ਅਸਾਇਨਮੈਂਟ ਤਿਆਰ ਕੀਤੀ ਪਰ ਅਚਾਨਕ ਕੰਪਿਊਟਰ 'ਚ ਕੋਈ ਖਰਾਬੀ ਆਈ ਅਤੇ ਉਸ ਦਾ ਸਾਰਾ ਕੰਮ ਡਿਲੀਟ ਹੋ ਗਿਆ। ਉਸ ਦਿਨ ਉਹ ਬਹੁਤ ਉਦਾਸ ਹੋਈ ਪਰ ਇਕ ਗੱਲ ਉਸ ਨੇ ਸੋਚ ਲਈ ਕਿ ਕੋਈ ਵੀ ਰੁਕਾਵਟ ਉਸ ਨੂੰ ਬਿਹਤਰ ਕੰਮ ਕਰਨ ਅਤੇ ਆਪਣੇ ਬਚਪਨ ਦਾ ਸੁਪਨਾ ਸੱਚ ਕਰਨ ਤੋਂ ਰੋਕ ਨਹੀਂ ਸਕਦੀ।


Related News