'ਆਪਰੇਸ਼ਨ ਦੋਸਤ' ਦਾ 7ਵਾਂ ਜਹਾਜ਼ ਪਹੁੰਚਿਆ ਸੀਰੀਆ, ਭੇਜੀ ਗਈ 23 ਟਨ ਤੋਂ ਵਧੇਰੇ ਰਾਹਤ ਸਮੱਗਰੀ (ਤਸਵੀਰਾਂ)
Sunday, Feb 12, 2023 - 12:48 PM (IST)
ਦਮਿਸ਼ਕ (ਏਜੰਸੀ): ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਵਿੱਚ ਫਸੇ ਲੋਕਾਂ ਦੀ ਮਦਦ ਲਈ ਭਾਰਤ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਮੁਸੀਬਤ ਦੇ ਸਮੇਂ ਭਾਰਤ ਵੱਲੋਂ 'ਆਪਰੇਸ਼ਨ ਦੋਸਤ' ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ NDRF ਦੀਆਂ ਕਈ ਟੀਮਾਂ ਤੁਰਕੀ ਅਤੇ ਸੀਰੀਆ ਵਿੱਚ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਭਾਰਤ ਤੋਂ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਆਪਰੇਸ਼ਨ ਦੋਸਤ ਦੇ ਤਹਿਤ ਭਾਰਤ ਦਾ 7ਵਾਂ ਜਹਾਜ਼ ਅੱਜ ਯਾਨੀ ਐਤਵਾਰ ਨੂੰ ਸੀਰੀਆ ਪਹੁੰਚਿਆ।
ਭੇਜੀ ਗਈ 23 ਟਨ ਤੋਂ ਵੱਧ ਰਾਹਤ ਸਮੱਗਰੀ
ਹਵਾਈ ਸੈਨਾ ਦੇ ਇਸ ਜਹਾਜ਼ ਵਿਚ 23 ਟਨ ਤੋਂ ਵੱਧ ਰਾਹਤ ਸਮੱਗਰੀ, ਡਾਕਟਰੀ ਸਹਾਇਤਾ ਅਤੇ ਮਹੱਤਵਪੂਰਨ ਮੈਡੀਕਲ ਸਹੂਲਤਾਂ ਸ਼ਾਮਲ ਹਨ, ਜਿਸ ਨੂੰ ਸਥਾਨਕ ਪ੍ਰਸ਼ਾਸਨ ਅਤੇ ਵਾਤਾਵਰਣ ਦੇ ਉਪ ਮੰਤਰੀ ਮੁਤਾਜ ਦੌਜੀ ਨੇ ਪ੍ਰਾਪਤ ਕੀਤਾ। ਵਿਦੇਸ਼ੀ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ '7ਵੀਂ ਆਪਰੇਸ਼ਨ ਦੋਸਤ ਫਲਾਈਟ 23 ਟਨ ਤੋਂ ਵੱਧ ਰਾਹਤ ਸਮੱਗਰੀ ਲੈ ਕੇ ਸੀਰੀਆ ਪਹੁੰਚੀ, ਜਿਸ ਵਿੱਚ ਜੈਨਸੈੱਟ, ਸੋਲਰ ਲੈਂਪ, ਐਮਰਜੈਂਸੀ ਅਤੇ ਗੰਭੀਰ ਦੇਖਭਾਲ ਦੀਆਂ ਦਵਾਈਆਂ ਅਤੇ ਆਫ਼ਤ ਰਾਹਤ ਸਮੱਗਰੀ ਸ਼ਾਮਲ ਹੈ।
ਸੀਰੀਆ ਤੋਂ ਬਾਅਦ ਤੁਰਕੀ ਪਹੁੰਚੇਗੀ ਮਦਦ
11 ਫਰਵਰੀ ਨੂੰ ਭਾਰਤ ਨੇ ਭੂਚਾਲ ਪ੍ਰਭਾਵਿਤ ਸੀਰੀਆ ਅਤੇ ਤੁਰਕੀ ਲਈ ਆਪਰੇਸ਼ਨ ਦੋਸਤ ਦੇ ਤਹਿਤ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਤੋਂ 7ਵਾਂ ਜਹਾਜ਼ ਰਵਾਨਾ ਕੀਤਾ। ਰਾਹਤ ਸਪਲਾਈ ਅਤੇ ਮੈਡੀਕਲ ਸਾਜ਼ੋ-ਸਾਮਾਨ ਨੂੰ ਹਵਾਈ ਸੈਨਾ ਦੇ C17 ਟ੍ਰਾਂਸਪੋਰਟ ਜਹਾਜ਼ ਦੁਆਰਾ ਭੇਜਿਆ ਗਿਆ ਸੀ। ਰਾਹਤ ਸਮੱਗਰੀ, ਡਾਕਟਰੀ ਸਹਾਇਤਾ ਅਤੇ ਐਮਰਜੈਂਸੀ ਅਤੇ ਗੰਭੀਰ ਦੇਖਭਾਲ ਦੀਆਂ ਦਵਾਈਆਂ ਲੈ ਕੇ ਭਾਰਤੀ ਹਵਾਈ ਸੈਨਾ ਦਾ ਜਹਾਜ਼ ਪਹਿਲਾਂ ਸੀਰੀਆ ਵਿੱਚ ਉਤਰੇਗਾ ਉੱਥੇ ਰਾਹਤ ਸਮੱਗਰੀ ਨੂੰ ਉਤਾਰੇਗਾ ਅਤੇ ਫਿਰ ਤੁਰਕੀ ਲਈ ਰਵਾਨਾ ਹੋਵੇਗਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, '7ਵਾਂ ਆਪਰੇਸ਼ਨ ਦੋਸਤ ਜਹਾਜ਼ ਸੀਰੀਆ ਅਤੇ ਤੁਰਕੀ ਲਈ ਰਵਾਨਾ ਹੋਇਆ।
ਫਲਾਈਟ ਰਾਹਤ ਸਮੱਗਰੀ, ਡਾਕਟਰੀ ਸਹਾਇਤਾ, ਐਮਰਜੈਂਸੀ ਅਤੇ ਗੰਭੀਰ ਦੇਖਭਾਲ ਦੀਆਂ ਦਵਾਈਆਂ, ਡਾਕਟਰੀ ਉਪਕਰਣ ਅਤੇ ਉਪਭੋਗ ਸਮੱਗਰੀ ਲੈ ਕੇ ਜਾ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਫੌਜ ਨੇ ਵੀ ਟਵੀਟ ਕੀਤਾ ਕਿ IAF ਦੇ C-17 ਜਹਾਜ਼ ਨੇ 11 ਫਰਵਰੀ ਨੂੰ ਰਾਹਤ ਸਮੱਗਰੀ ਅਤੇ ਐਮਰਜੈਂਸੀ ਉਪਕਰਣਾਂ ਨਾਲ ਸੀਰੀਆ ਅਤੇ ਤੁਰਕੀ ਲਈ ਉਡਾਣ ਭਰੀ।
ਪੜ੍ਹੋ ਇਹ ਅਹਿਮ ਖ਼ਬਰ- ਤੁਰਕੀ ਭੂਚਾਲ : ਦੋ ਹੋਰ ਆਸਟ੍ਰੇਲੀਆਈ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ, ਪਰਿਵਾਰ ਨੇ ਦਿੱਤੀ ਸ਼ਰਧਾਂਜਲੀ
ਦੋਵਾਂ ਦੇਸ਼ਾਂ ਨੂੰ ਭੇਜੀ ਗਈ 35 ਟਨ ਤੋਂ ਵੱਧ ਰਾਹਤ ਸਮੱਗਰੀ
ਵਿਦੇਸ਼ ਮੰਤਰਾਲੇ ਦੇ ਅਨੁਸਾਰ ਜਹਾਜ਼ 35 ਟਨ ਤੋਂ ਵੱਧ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਹੈ, ਜਿਸ ਵਿੱਚੋਂ 23 ਟਨ ਤੋਂ ਵੱਧ ਸੀਰੀਆ ਵਿੱਚ ਰਾਹਤ ਕਾਰਜਾਂ ਲਈ ਅਤੇ ਲਗਭਗ 12 ਟਨ ਤੁਰਕੀ ਲਈ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਸੀਰੀਆ ਨੂੰ ਭੇਜੀ ਜਾ ਰਹੀ ਸਹਾਇਤਾ ਵਿੱਚ ਰਾਹਤ ਸਮੱਗਰੀ, ਸਲੀਪਿੰਗ ਮੈਟ, ਜੈਨਸੈੱਟ, ਸੋਲਰ ਲੈਂਪ, ਤਰਪਾਲ, ਕੰਬਲ, ਐਮਰਜੈਂਸੀ ਅਤੇ ਗੰਭੀਰ ਦੇਖਭਾਲ ਦੀਆਂ ਦਵਾਈਆਂ ਅਤੇ ਆਫ਼ਤ ਰਾਹਤ ਸਮੱਗਰੀ ਸ਼ਾਮਲ ਹੈ। ਇਸ ਦੇ ਨਾਲ ਹੀ ਤੁਰਕੀ ਨੂੰ ਭੇਜੀ ਗਈ ਸਮੱਗਰੀ ਵਿੱਚ ਆਰਮੀ ਫੀਲਡ ਹਸਪਤਾਲ ਅਤੇ ਐਨ.ਡੀ.ਆਰ.ਐਫ. ਲਈ ਟੀਮ ਦੀ ਸਪਲਾਈ, ਈ.ਸੀ.ਜੀ., ਮਰੀਜ਼ਾਂ ਦੇ ਮਾਨੀਟਰ, ਅਨੱਸਥੀਸੀਆ ਮਸ਼ੀਨਾਂ, ਸਰਿੰਜ ਪੰਪ, ਗਲੂਕੋਮੀਟਰ, ਕੰਬਲ ਅਤੇ ਹੋਰ ਰਾਹਤ ਸਮੱਗਰੀ ਵਰਗੇ ਮੈਡੀਕਲ ਉਪਕਰਣ ਸ਼ਾਮਲ ਹਨ। 6 ਫਰਵਰੀ, 2023 ਨੂੰ ਤੁਰਕੀ ਅਤੇ ਸੀਰੀਆ ਵਿੱਚ ਇੱਕ ਵਿਨਾਸ਼ਕਾਰੀ ਭੂਚਾਲ ਆਇਆ। ਸੀਐਨਐਨ ਦੀ ਰਿਪੋਰਟ ਮੁਤਾਬਕ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਤੋਂ ਬਾਅਦ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 28,192 ਹੋ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।