ਰੋਮ ''ਚ ਧੂਮ-ਧਾਮ ਨਾਲ ਮਨਾਇਆ ਗਿਆ 71ਵਾਂ ਗਣਤੰਤਰ ਦਿਵਸ

01/27/2020 8:07:52 AM

ਰੋਮ, (ਕੈਂਥ)— ਪੂਰੀ ਦੁਨੀਆ ਵਿੱਚ ਰੈਣ ਬਸੇਰਾ ਕਰਦੇ ਸਮੁੱਚੇ ਭਾਰਤੀ ਭਾਈਚਾਰੇ ਵਲੋਂ ਭਾਰਤ ਦਾ 71ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਗਣਤੰਤਰ ਦਿਵਸ ਦੀਆਂ ਇਟਲੀ 'ਚ ਵੀ ਰੌਣਕਾਂ ਦੇਖਣ ਨੂੰ ਮਿਲੀਆਂ। ਭਾਰਤੀ ਅੰਬੈਂਸੀ ਰੋਮ (ਇਟਲੀ) ਵੱਲੋਂ ਇਟਲੀ ਦੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਭਾਰਤ ਦੇਸ਼ ਦਾ 71ਵਾਂ ਗਣਤੰਤਰ ਦਿਵਸ ਬਹੁਤ ਹੀ ਜੋਸ਼ੀਲੇ ਢੰਗ 'ਚ ਧੂਮ-ਧਾਮ ਨਾਲ ਮਨਾਇਆ । ਇਹ ਗਣਤੰਤਰ ਦਿਵਸ ਭਾਰਤੀ ਅੰਬੈਸੀ ਰੋਮ ਵਿਖੇ ਮਨਾਇਆ ਗਿਆ ਜਿਸ ਵਿੱਚ ਭਾਰਤੀ ਲੋਕਾਂ ਤੋਂ ਇਲਾਵਾ ਹੋਰ ਦੇਸ਼ਾਂ ਦੇ ਨਾਗਰਿਕਾਂ ਨੇ ਵੀ ਭਾਰਤੀਆਂ ਦੀ ਇਸ ਖੁਸ਼ੀ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਵਿਸ਼ੇਸ਼ ਵਧਾਈ ਦਿੱਤੀ।

PunjabKesari

ਇਸ ਮੌਕੇ ਸਵੇਰੇ 10 ਵਜੇ ਮੈਡਮ ਰੀਨਤ ਸੰਧੂ ਰਾਜਦੂਤ ਭਾਰਤੀ ਅੰਬੈਂਸੀ ਰੋਮ ਵੱਲੋਂ ਭਾਰਤੀ ਤਿਰੰਗਾ ਲਹਿਰਾਇਆ ਗਿਆ। ਉਪਰੰਤ ਰਾਸ਼ਟਰੀ ਗੀਤ 'ਜਨ ਗਨ ਮਨ' ਦਾ ਗਾਇਨ ਕੀਤਾ ਗਿਆ ਅਤੇ ਭਾਰਤ ਦੇ ਰਾਸ਼ਟਰਪਤੀ ਮਾਨਯੋਗ ਸ਼੍ਰੀ ਰਾਮ ਨਾਥ ਕੋਵਿੰਦ ਵਲੋਂ ਰਾਸ਼ਟਰ ਦੇ ਨਾਂ ਸੰਦੇਸ਼ ਮੈਡਮ ਰੀਨਤ ਸੰਧੂ ਵੱਲੋਂ ਪੜ੍ਹ ਕੇ ਸੁਣਾਇਆ ਗਿਆ।ਉਨ੍ਹਾਂ ਇੱਥੇ ਹਾਜ਼ਰ ਭਾਰਤੀਆਂ ਨੂੰ 71ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਮਹਾਨ ਭਾਰਤ ਤੋਂ ਚਾਹੇ ਜਿੰਨਾ ਮਰਜ਼ੀ ਦੂਰ ਰਹੀਏ ਪਰ ਕਦੇ ਵੀ ਭਾਰਤ ਨੂੰ ਨਹੀਂ ਭੁਲਾ ਸਕਦੇ। ਸਾਨੂੰ ਭਾਰਤੀ ਹੋਣ 'ਤੇ ਮਾਣ ਹੈ ਤੇ ਅਸੀਂ ਸਦਾ ਹੀ ਵਿਦੇਸ਼ਾਂ ਵਿੱਚ ਆਪਣੇ ਸੱਭਿਆਚਾਰ ਅਤੇ ਪਛਾਣ ਨੂੰ ਬਣਾਈ ਰੱਖਣਾ ਚਾਹੁੰਦੇ ਹਾਂ।

ਪਿਛਲੇ ਸਾਲ ਅਸੀਂ ਸਤਿਗੁਰੂ ਨਾਨਕ ਦੇਵ ਜੀ ਦਾ 550ਵਾਂ ਆਗਮਨ ਪੁਰਬ ਅਤੇ ਮਹਾਤਮਾ ਗਾਂਧੀ ਦੀ 150ਵੀ ਜਯੰਤੀ ਬਹੁਤ ਹੀ ਉਤਸ਼ਾਹ ਅਤੇ ਜੋਸ਼ੀਲੇ ਢੰਗ ਨਾਲ ਮਨਾਈ। ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਅਤੇ ਮਹਾਤਮਾ ਗਾਂਧੀ ਵਰਗੀਆਂ ਮਹਾਨ ਹਸਤੀਆਂ ਦਾ ਸ਼ਾਂਤੀ, ਏਕਤਾ ਤੇ ਭਾਈਚਾਰਕ ਸੰਦੇਸ਼ ਪੂਰੀ ਦੁਨੀਆ 'ਚ ਪਹੁੰਚੇ । ਵਿਸ਼ਵ ਦੇ ਲੋਕ ਇਨ੍ਹਾਂ ਦੇ ਸਮਾਜ ਪ੍ਰਤੀ ਮਹਾਨ ਯੋਗਦਾਨ ਨੂੰ ਸਮਝਣ ਤੇ ਨਾਲ ਹੀ ਨਾਲ ਭਾਰਤ ਦੀ ਸੱਭਿਆਚਾਰ, ਏਕਤਾ ਵਿੱਚ ਅਨੇਕਤਾ ਅਤੇ ਸਾਡੀ ਸਹਿਣਸ਼ੀਲਤਾ ਨੂੰ ਸਮਝ ਸਕਣ । ਇਸ ਗਣਤੰਤਰ ਦਿਵਸ ਨੰਨੇ-ਮੁੰਨੇ ਬੱਚਿਆਂ ਤੇ ਵੀ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ ਤੇ ਹੋਰ ਵੀ ਦੇਸ਼ ਭਗਤੀ ਦੇ ਪ੍ਰੋਗਰਾਮ ਅੰਬੈਂਸੀ ਸਟਾਫ਼ ਵਲੋਂ ਪੇਸ਼ ਕੀਤੇ ਗਏ। ਇਸ ਸਮਾਰੋਹ ਉਪਰੰਤ ਭਾਰਤੀ ਖਾਣਿਆਂ ਦਾ ਵੀ ਆਏ ਸਭ ਮਹਿਮਾਨਾਂ ਨੇ ਭਰਪੂਰ ਲੁਤਫ਼ ਲਿਆ । ਅੰਤ ਵਿੱਚ ਸਮੂਹ ਭਾਰਤੀ ਅੰਬੈਂਸੀ ਸਟਾਫ਼ ਵੱਲੋਂ ਭਾਰਤੀ ਭਾਈਚਾਰੇ ਦਾ ਆਜ਼ਾਦੀ ਦਿਵਸ ਵਿੱਚ ਸ਼ਮੂਲੀਅਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।ਇਸ ਤਰ੍ਹਾਂ ਹੀ ਭਾਰਤ ਤੋਂ ਇਟਲੀ ਪੜ੍ਹਾਈ ਕਰਨ ਆਏ ਭਾਰਤੀ ਵਿਦਿਆਰਥੀਆਂ ਤੇ ਭਾਰਤੀ ਭਾਈਚਾਰੇ ਨੇ ਤੋਰੀਨੋ ਵਿਖੇ ਵੀ ਭਾਰਤ ਦਾ 71ਵਾਂ ਗਣਤੰਤਰ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ।


Related News