ਨਦੀ ''ਚ ਵਹਿ ਕੇ ਲਾਪਤਾ ਹੋਈਆਂ ਦੋਵਾਂ ਬੱਸਾਂ ''ਚ ਸਵਾਰ ਸਨ 65 ਯਾਤਰੀ : ਨੇਪਾਲੀ ਅਧਿਕਾਰੀ
Tuesday, Jul 16, 2024 - 06:22 PM (IST)
ਕਾਠਮੰਡੂ (ਭਾਸ਼ਾ) - ਨੇਪਾਲ ਵਿਚ ਸ਼ੁੱਕਰਵਾਰ ਨੂੰ ਢਿੱਗਾਂ ਡਿੱਗਣ ਕਾਰਨ ਦੋ ਯਾਤਰੀ ਬੱਸਾਂ ਮਲਬੇ ਵਿਚ ਰੁੜ੍ਹ ਜਾਣ ਦੀ ਘਟਨਾ ਵਿਚ ਬਚਾਅ ਕਰਮਚਾਰੀਆਂ ਨੇ ਹੁਣ ਤੱਕ 14 ਲਾਸ਼ਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਵਿਚੋਂ 6 ਭਾਰਤੀ ਨਾਗਰਿਕਾਂ ਦੀਆਂ ਹਨ। ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਬੱਸਾਂ 'ਚ ਕੁੱਲ 65 ਯਾਤਰੀ ਸਵਾਰ ਸਨ। ਅੱਠ ਲਾਸ਼ਾਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹੈ। ਇਨ੍ਹਾਂ ਵਿੱਚੋਂ ਛੇ ਭਾਰਤੀ ਨਾਗਰਿਕ ਹਨ। ਬਾਕੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।
ਨੇਪਾਲ ਦੀ ਰਾਜਧਾਨੀ ਨੂੰ ਦੇਸ਼ ਦੇ ਦੱਖਣੀ ਹਿੱਸਿਆਂ ਨਾਲ ਜੋੜਨ ਵਾਲੇ ਮੁੱਖ ਮਾਰਗ 'ਤੇ ਕਾਠਮੰਡੂ ਤੋਂ ਲਗਭਗ 120 ਕਿਲੋਮੀਟਰ ਪੱਛਮ 'ਚ ਸਿਮਲਟਾਲ ਨੇੜੇ ਸ਼ੁੱਕਰਵਾਰ ਸਵੇਰੇ ਢਿੱਗਾਂ ਡਿੱਗਣ ਕਾਰਨ ਦੋ ਬੱਸਾਂ ਮਲਬੇ ਨਾਲ ਰੁੜ੍ਹ ਗਈਆਂ। ਚਿਤਵਨ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਨੇ ਦੋਵਾਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਕੁੱਲ 65 ਵਿਅਕਤੀਆਂ ਦੇ ਨਾਵਾਂ ਅਤੇ ਵੇਰਵਿਆਂ ਵਾਲੀ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਹੈ। ਇੱਕ ਬੱਸ ਵਿੱਚ 38 ਅਤੇ ਦੂਜੀ ਵਿੱਚ 27 ਲੋਕ ਸਵਾਰ ਸਨ। ਕਿਸੇ ਤਰ੍ਹਾਂ ਬੱਸ 'ਚੋਂ ਬਾਹਰ ਨਿਕਲਣ ਤੋਂ ਬਾਅਦ ਤਿੰਨ ਲੋਕ ਵਾਲ-ਵਾਲ ਬਚ ਗਏ।
ਪੁਲਸ ਅਤੇ ਫੌਜ ਦੇ ਸੈਂਕੜੇ ਬਚਾਅ ਕਰਮਚਾਰੀਆਂ ਨੇ ਮੰਗਲਵਾਰ ਨੂੰ ਨਦੀ ਅਤੇ ਨੀਵੇਂ ਇਲਾਕਿਆਂ ਦੀ ਤਲਾਸ਼ੀ ਕੀਤੀ, ਪਰ ਅਜੇ ਤੱਕ ਦੋ ਲਾਪਤਾ ਬੱਸਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਪਹਾੜੀ ਇਲਾਕਾ ਹੋਣ ਕਾਰਨ ਨੇਪਾਲ ਦੀਆਂ ਨਦੀਆਂ ਦਾ ਵਹਾਅ ਆਮ ਤੌਰ 'ਤੇ ਤੇਜ਼ ਹੁੰਦਾ ਹੈ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਰਜਬਾਹਿਆਂ ਵਿਚ ਵੀ ਖੜੋਤ ਹੈ ਅਤੇ ਇਨ੍ਹਾਂ ਦਾ ਪਾਣੀ ਚਿੱਕੜ ਅਤੇ ਮਲਬੇ ਕਾਰਨ ਗੂੜ੍ਹੇ ਭੂਰੇ ਰੰਗ ਦਾ ਹੋ ਗਿਆ ਹੈ, ਜਿਸ ਕਾਰਨ ਮਲਬਾ ਦੇਖਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ।
ਨੇਪਾਲ ਵਿੱਚ ਜੂਨ ਤੋਂ ਸਤੰਬਰ ਤੱਕ ਮੌਨਸੂਨ ਸੀਜ਼ਨ ਦੌਰਾਨ ਭਾਰੀ ਬਾਰਿਸ਼ ਹੁੰਦੀ ਹੈ, ਜਿਸ ਕਾਰਨ ਅਕਸਰ ਇਸ ਪਹਾੜੀ ਹਿਮਾਲੀਅਨ ਦੇਸ਼ ਵਿੱਚ ਜ਼ਮੀਨ ਖਿਸਕ ਜਾਂਦੀ ਹੈ।