ਯੂਰਪ ’ਚ 60 ਅਤੇ ਇਟਲੀ ’ਚ 7 ਮਿਲੀਅਨ ਲੋਕ ਇਸਦੇ ਦੀਵਾਨੇ

10/19/2019 6:46:25 PM

ਰੋਮ (ਕੈਂਥ)-ਟੈਟੂ ਕਲਾ ਹਜ਼ਾਰਾਂ ਸਾਲ ਪੁਰਾਣੀ ਮੰਨੀ ਜਾ ਰਹੀ ਹੈ ਅਤੇ ਇਨਸਾਨ ਵਲੋਂ ਆਪਣੇ ਸਰੀਰ ਉੱਪਰ ਟੈਟੂ ਗੁਦਵਾਉਣ ਦਾ ਸ਼ੌਕ ਦੁਨੀਆ ਵਿਚ ਜ਼ੋਰਾਂ ’ਤੇ ਹੈ। ਕਈ ਦੇਸ਼ਾਂ ਵਿਚ ਤਾਂ ਇਕ ਇਨਸਾਨ ਆਪਣੇ ਸਰੀਰ ਉੱਪਰ ਕਈ-ਕਈ ਰੰਗ ਬਿਰੰਗੇ ਟੈਟੂ ਬਣਾਈ ਘੁੰਮਦਾ ਹੈ। ਯੂਰਪ ਵਿਚ ਵੀ ਟੈਟੂ ਦਾ ਸ਼ੌਕ ਯੂਰਪੀਅਨ ਲੋਕਾਂ ਵਿਚ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸ ਸਮੇਂ ਯੂਰਪ ਭਰ ’ਚ ਟੈਟੂ ਦੇ 60 ਮਿਲੀਅਨ ਤੋਂ ਵੱਧ ਲੋਕ ਮੁਰੀਦ ਹਨ ਤੇ ਜੇਕਰ ਗੱਲ ਸਿਰਫ਼ ਇਟਲੀ ਦੀ ਹੀ ਕੀਤੀ ਜਾਵੇ ਤਾਂ 70 ਲੱਖ ਲੋਕ ਆਪਣੇ ਸਰੀਰ ਉੱਪਰ ਟੈਟੂ ਗੁਦਵਾ ਚੁੱਕੇ ਹਨ।

ਇਟਲੀ ਦੇ ਰਾਸ਼ਟਰੀ ਸਿਹਤ ਵਿਭਾਗ ਨਾਲ ਸਬੰਧਤ ਸਭਾ (ਹਾਈਅਰ ਇੰਸਟੀਚਿਊਟ ਆਫ਼ ਹੈਲਥ) ਆਈ. ਐੱਸ. ਐੱਸ. ਦੀ ਤਾਜ਼ੀ ਰਿਪੋਰਟ ਅਨੁਸਾਰ 70 ਲੱਖ ਲੋਕ ਟੈਟੂ ਕਲਾ ਦੇ ਦੀਵਾਨੇ ਹਨ ਤੇ ਆਪਣੇ ਸਰੀਰ ਉੱਪਰ ਰੰਗ-ਬਿਰੰਗੇ ਟੈਟੂ ਬਣਾਈ ਬੈਠੇ ਹਨ। ਪਰ, ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਸਿਰਫ਼ ਅੱਧੇ ਭਾਵ 35 ਲੱਖ ਲੋਕ ਹੀ ਇਹ ਜਾਣਦੇ ਹਨ ਕਿ ਟੈਟੂ ਸਰੀਰ ਉੱਪਰ ਗੁਦਵਾਉਣਾ ਨੁਕਸਾਨ ਵੀ ਕਰ ਸਕਦਾ ਹੈ। ਇਹ 35 ਲੱਖ ਲੋਕਾਂ ਨੂੰ ਵੀ ਸਿਹਤ ਵਿਭਾਗ ਵੱਲੋਂ ਟੈਟੂ ਦੇ ਨੁਕਸਾਨਾਂ ਤੋਂ ਜਾਣੂ ਕਰਵਾਉਣ ਤੋਂ ਬਾਅਦ ਹੀ ਇਹ ਲੋਕ ਟੈਟੂ ਕਲਾ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਹੋ ਸਕੇ ਹਨ।

PunjabKesari

ਰਿਪੋਰਟ ਅਨੁਸਾਰ 12 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ 7608 ਲੋਕਾਂ ਦੀ ਇਕ ਵਿਸ਼ੇਸ਼ ਜਾਂਚ ਕੀਤੀ ਗਈ ਜਿਸ ਅਨੁਸਾਰ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਟੈਟੂ ਦੀਆਂ ਦੀਵਾਨੀਆਂ ਹਨ। ਪਹਿਲਾਂ ਟੈਟੂ ਦੀ 25 ਸਾਲ ਦੇ ਨੌਜਵਾਨ ਵਰਗ ਵਿਚ ਦੀਵਾਨਗੀ ਦੇਖੀ ਜਾਂਦੀ ਸੀ ਜਿਹੜੇ ਕਿ ਟੈਟੂ ਨੂੰ ਪਿੱਠ, ਪੈਰਾਂ ਜਾਂ ਲੱਤਾਂ ਉੱਪਰ ਹੀ ਗੁਦਵਾਉਂਦੇ ਸਨ ਪਰ ਹੁਣ ਇਹ ਦੀਵਾਨਗੀ 12 ਤੋਂ 17 ਸਾਲ ਦੇ ਨਾਬਾਲਗ ਬੱਚਿਆਂ ਵਿਚ ਦੇਖੀ ਜਾ ਰਹੀ ਹੈ ਜਿਹੜੇ ਕਿ ਟੈਟੂ ਨੂੰ ਹੱਥ, ਮੋਢੇ ਅਤੇ ਪੈਰਾਂ ਉੱਪਰ ਵਧੇਰੇ ਗੁਦਵਾਉਂਦੇ ਹਨ। ਇਨ੍ਹਾਂ ਵਿਚੋਂ 76 ਫੀਸਦੀ ਨੌਜਵਾਨ ਵਿਸ਼ੇਸ਼ ਕੇਂਦਰਾਂ ਵਿਚ ਜਾ ਕੇ ਟੈਟੂ ਬਣਾਉਂਦੇ ਹਨ 9 ਫੀਸਦੀ ਵਿਸ਼ੇਸ਼ ਸੁੰਦਰਤਾ ਕੇਂਦਰਾਂ ਵਿਚ ਅਤੇ 13.4 ਫੀਸਦੀ ਅਧਿਕਾਰਤ ਕੇਂਦਰਾਂ ਤੋਂ ਬਾਹਰ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਜਿੱਥੇ ਇਕੱਲੇ ਅਮਰੀਕਾ ਵਰਗੇ ਦੇਸ਼ ਵਿਚ 45 ਮਿਲੀਅਨ ਤੋਂ ਵੀ ਜ਼ਿਆਦਾ ਲੋਕਾਂ ਵਿਚ 20,000 ਤੋਂ ਵੱਧ ਕਿਸਮ ਦੇ ਟੈਟੂ ਮਸ਼ਹੂਰ ਹਨ ਉੱਥੇ ਕਈ ਦੇਸ਼ ਟੈਟੂ ਕਲਾ ਦੇ ਖਿਲਾਫ਼ ਵੀ ਹਨ। ਜਿਵੇਂ ਜਾਪਾਨ, ਦੱਖਣੀ ਅਤੇ ਉੱਤਰੂ ਕੋਰੀਆ। ਇਨ੍ਹਾਂ ਦੇਸ਼ਾਂ ਵਿਚ ਬੇਸ਼ਕ ਟੈਟੂ ਕਲਾ ਉਪਰ ਪੂਰਨ ਪਾਬੰਦੀ ਨਹੀਂ ਪਰ ਧਾਰਮਿਕ ਅਤੇ ਸੱਭਿਆਚਾਰਕ ਕਾਰਨਾਂ ਕਰ ਕੇ ਟੈਟੂ ਲੋਕਾਂ ਨੂੰ ਮੁਸੀਬਤ ਵਿਚ ਫਸਾ ਸਕਦਾ ਹੈ। ਕੁਝ ਕੁ ਦੇਸ਼ਾਂ ਵਿਚ ਜਿਵੇਂ ਪੂਰਬੀ ਏਸ਼ੀਆ ਵਿਚ ਟੈਟੂ ਅਪਰਾਧਿਕ ਸਭਿਆਚਾਰ ਨਾਲ ਜੁੜੇ ਹੋਣ ਕਾਰਨ ਘਟੀਆ ਸਮਝੇ ਜਾਂਦੇ ਹਨ। ਵੀਅਤਨਾਮ ਵਿਚ ਟੈਟੂ ਨੂੰ ਨਾਕਾਰਾਤਮਕ ਰੂਪ ਵਿਚ ਦੇਖਿਆ ਜਾਂਦਾ ਹੈ ਜਿਸ ਕਾਰਨ ਇੱਥੇ ਟੈਟੂ ਦੀ ਦੁਕਾਨ ਦਾ ਮਾਲਕ ਹੋਣਾ ਜਾਂ ਚਲਾਉਣੀ ਗੈਰ ਕਾਨੂੰਨੀ ਹੈ। ਭਾਵੇਂ ਪੂਰੀ ਤਰ੍ਹਾਂ ਇਹ ਗੱਲ ਪ੍ਰਮਾਣਿਤ ਨਹੀਂ ਹੁੰਦੀ ਕਿ ਟੈਟੂ ਨਾਲ ਕਿਸੇ ਨੂੰ ਕੋਈ ਗੰਭੀਰ ਸਰੀਰਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਫਿਰ ਵੀ ਜਿਹੜੇ ਲੋਕ ਟੈਟੂ ਕਲਾ ਦੇ ਦੀਵਾਨੇ ਹਨ ਉਹ ਪੂਰੀ ਸੰਜੀਦਗੀ ਨਾਲ ਹੀ ਆਪਣੇ ਇਸ ਸ਼ੌਕ ਨੂੰ ਨੇਪੜੇ ਚਾੜ੍ਹਨ।


Sunny Mehra

Content Editor

Related News