550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ ''ਸਰਬ ਧਰਮ ਸੰਮੇਲਨ''

10/14/2019 2:28:11 PM

ਰੋਮ, (ਕੈਂਥ)— 'ਸਿੱਖ ਸੇਵਾ ਸੋਸਾਇਟੀ' ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖ ਕੇ ਇਟਲੀ 'ਚ ਈਸਾਈ ਧਰਮ ਦੀ ਮੁੱਖ ਸੰਸਥਾ ਵੈਟੀਕਨ ਸਿਟੀ ਨਾਲ ਮਿਲ ਕੇ 22 ਅਕਤੂਬਰ ਨੂੰ ਇੱਕ ਵਿਸ਼ਾਲ 'ਸਰਬ ਧਰਮ ਸੰਮੇਲਨ' ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਸਿੱਖ ਧਰਮ ਦੀਆਂ ਮੁੱਖ ਸਖਸ਼ੀਅਤਾਂ ਤੋਂ ਇਲਾਵਾ ਬਾਕੀ ਸਭ ਧਰਮ ਜਿਨ੍ਹਾਂ ਵਿੱਚ ਈਸਾਈ, ਹਿੰਦੂ, ਬੋਧੀ, ਜੈਨ, ਇਸਲਾਮ ਆਦਿ ਦੇ ਆਗੂ ਵੀ ਸ਼ਮੂਲੀਅਤ ਕਰਨਗੇ।

ਸੰਮੇਲਨ ਵਿੱਚ ਸਭ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਧਰਮ, ਸ਼ਾਂਤੀ ਅਤੇ ਮਾਨਵਤਾ ਨੂੰ ਮੁੱਖ ਰੱਖ ਕੇ ਪਰਚੇ ਪੜ੍ਹੇ ਜਾਣਗੇ। ਇਨ੍ਹਾਂ ਵਿੱਚ ਯੂਨੀਵਰਸਿਟੀਆਂ ਦੇ ਵਿਦਵਾਨ, ਵੈਟੀਕਨ ਸਿਟੀ ਦੇ ਕਾਰਡੀਨਲ ਮਿਗੁਲ ਐਂਜਲ ਅਯੂਸੋ ਅਤੇ ਇਟਾਲੀਅਨ ਚਰਚ ਸੰਸਥਾ ਦੇ ਪ੍ਰਧਾਨ ਡਾਨ ਜੁਲੀਆਨੋ ਸਾਵੀਨਾ ਖਾਸ ਤੌਰ 'ਤੇ ਸ਼ਿਰਕਤ ਕਰਨਗੇ।

ਬੁੱਧ ਧਰਮ ਇਟਲੀ ਦੇ ਪ੍ਰਧਾਨ ਫਲੀਪੋ ਸ਼ਿਆਨਾ, ਇਟਾਲੀਅਨ ਇਸਲਾਮਕ ਸੈਂਟਰ ਦੇ ਜਨਰਲ ਸਕੱਤਰ ਅਬਦੁੱਲਾ ਰਦੂਆਨੇ ਅਤੇ ਇਟਾਲੀਅਨ ਹਿੰਦੂ ਯੂਨੀਅਨ ਦੇ ਪ੍ਰਧਾਨ ਸਵਾਮੀ ਯੋਗਾਨੰਦਾ ਗਿਰੀ ਤੇ ਕਾਰੀਤਾਸ ਦੇ ਨੁਮਾਇੰਦੇ ਅਤੇ ਹੋਰ ਮੁੱਖ ਲੋਕ ਖਾਸ ਤੌਰ 'ਤੇ ਆਪਣੇ ਵਿਚਾਰ ਰੱਖਣਗੇ। ਸਿੱਖ ਧਰਮ ਦੀਆਂ ਸ਼ਾਮਲ ਹੋਣ ਵਾਲੀਆਂ ਸ਼ਖਸ਼ੀਅਤਾਂ ਵਿੱਚ ਖਾਲਸਾ ਏਡ ਦੇ ਨੁਮਾਇੰਦੇ, ਬੀਬੀ ਕਿਰਨਜੋਤ ਕੌਰ (ਮੈਂਬਰ ਐਸ. ਜੀ. ਪੀ. ਸੀ.) ਅੰਮ੍ਰਿਤਸਰ, ਸਿੱਖ ਲੇਖਕ ਤੇ ਖੋਜੀ ਅਮਰਦੀਪ ਸਿੰਘ (ਸਿੰਗਾਪੁਰ ਤੋਂ), ਜਸਪ੍ਰੀਤ ਸਿੰਘ (ਯੂ. ਕੇ.) ਤੋਂ ਆਦਿ ਦੇ ਨਾਂ ਮੁੱਖ ਹਨ। ਇਹ ਜਾਣਕਾਰੀ ਸਿੱਖੀ ਸੇਵਾ ਸੋਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਤੇ ਗੁਰਸ਼ਰਨ ਸਿੰਘ ਨੇ ਸਾਂਝੇ ਤੌਰ 'ਤੇ ਦਿੱਤੀ।  


Related News