ਅਹਿਮ ਖ਼ਬਰ: ਅੰਮ੍ਰਿਤਸਰ ਤੋਂ ਹਵਾਈ ਸਫ਼ਰ ਹੋਵੇਗਾ ਮਹਿੰਗਾ, ਵਪਾਰਕ ਗਤੀਵਿਧੀਆਂ ਵੀ ਹੋਣਗੀਆਂ ਪ੍ਰਭਾਵਿਤ
Wednesday, Mar 25, 2026 - 11:00 AM (IST)
ਅੰਮ੍ਰਿਤਸਰ (ਸਰਬਜੀਤ)- ਪੱਛਮੀ ਏਸ਼ੀਆ ਵਿਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਜੰਗੀ ਤਣਾਅ ਨੇ ਵਿਸ਼ਵ ਭਰ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਸੰਭਾਵੀ ਜੰਗ ਦਾ ਸਿੱਧਾ ਅਸਰ ਸਰਹੱਦੀ ਸ਼ਹਿਰ ਅੰਮ੍ਰਿਤਸਰ ਦੇ ਆਰਥਿਕ, ਸਮਾਜਿਕ ਅਤੇ ਧਾਰਮਿਕ ਪੱਖਾਂ ’ਤੇ ਪੈਣ ਦੀ ਸੰਭਾਵਨਾ ਹੈ। ਮਾਹਿਰਾਂ ਅਨੁਸਾਰ, ਜੇਕਰ ਹਾਲਾਤ ਹੋਰ ਵਿਗੜਦੇ ਹਨ ਤਾਂ ਅੰਮ੍ਰਿਤਸਰ ਦਾ ਅੰਤਰਰਾਸ਼ਟਰੀ ਵਪਾਰ ਅਤੇ ਸੈਰ-ਸਪਾਟਾ ਵੱਡੀ ਮਾਰ ਹੇਠ ਆ ਸਕਦਾ ਹੈ। ਗੁਰੂ ਨਗਰੀ, ਜੋ ਕਿ ਵਿਸ਼ਵ ਭਰ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ, ਇਸ ਸਮੇਂ ਗਲੋਬਲ ਸਿਆਸਤ ਦੀ ਮਾਰ ਝੱਲਣ ਦੇ ਮੁਹਾਣੇ ’ਤੇ ਖੜ੍ਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਤੋਂ 28 ਮਾਰਚ ਤੱਕ ਮੌਸਮ ਦਾ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਹਵਾਈ ਉਡਾਣਾਂ ਨਾਲ ਯਾਤਰੀਆਂ ਦੀ ਪ੍ਰੇਸ਼ਾਨੀ ਵਧੀ
ਈਰਾਨ ਦਾ ਹਵਾਈ ਖੇਤਰ ਪ੍ਰਭਾਵਿਤ ਹੋਣ ਕਾਰਨ ਅੰਮ੍ਰਿਤਸਰ ਤੋਂ ਯੂਰਪ ਅਤੇ ਖਾੜੀ ਦੇਸ਼ਾਂ ਨੂੰ ਜਾਣ ਵਾਲੀਆਂ ਹਵਾਈ ਉਡਾਣਾਂ ਦੇ ਰੂਟ ਬਦਲੇ ਜਾ ਸਕਦੇ ਹਨ। ਜਦੋਂ ਵੀ ਮੱਧ-ਪੂਰਬ ਵਿਚ ਜੰਗੀ ਹਾਲਾਤ ਬਣਦੇ ਹਨ, ਤਾਂ ਉਡਾਣਾਂ ਨੂੰ ਲੰਬੇ ਅਤੇ ਬਦਲਵੇਂ ਰਸਤਿਆਂ ਰਾਹੀਂ ਭੇਜਿਆ ਜਾਂਦਾ ਹੈ। ਇਸ ਨਾਲ ਹਵਾਈ ਰਸਤਾ ਲੰਬਾ ਹੋਣ ਕਰ ਕੇ ਸਫ਼ਰ ਦਾ ਸਮਾਂ ਲੱਗਭਗ ਦੁੱਗਣਾ ਹੋ ਸਕਦਾ ਹੈ। ਦੂਸਰੇ ਪਾਸੇ ਤੇਲ ਦੀਆਂ ਕੀਮਤਾਂ ਵਿਚ ਹੋਣ ਵਾਲੇ ਸੰਭਾਵੀ ਵਾਧੇ ਕਾਰਨ ਹਵਾਈ ਸਫ਼ਰ ਮਹਿੰਗਾ ਹੋਵੇਗਾ, ਜਿਸ ਨਾਲ ਯਾਤਰੀਆਂ ਨੂੰ ਭਾਰੀ ਵਿੱਤੀ ਮਾਰ ਪਵੇਗੀ। ਇਸ ਨਾਲ ਖ਼ਾਸ ਕਰ ਕੇ ਉਹ ਲੋਕ ਜੋ ਰੋਜ਼ੀ-ਰੋਟੀ ਲਈ ਖਾੜੀ ਦੇਸ਼ਾਂ ਵਿਚ ਰਹਿੰਦੇ ਹਨ, ਉਨ੍ਹਾਂ ਲਈ ਟਿਕਟਾਂ ਦੇ ਰੇਟ ਵਧਣਾ ਵੱਡੀ ਪ੍ਰੇਸ਼ਾਨੀ ਦਾ ਸਬਬ ਬਣ ਸਕਦਾ ਹੈ। ਏਅਰਲਾਈਨਜ਼ ਵੱਲੋਂ ਉਡਾਣਾਂ ਰੱਦ ਹੋਣ ਦੀ ਸੂਰਤ ਵਿਚ ਹਜ਼ਾਰਾਂ ਮੁਸਾਫ਼ਰ ਅੱਡਿਆਂ ’ਤੇ ਫਸ ਸਕਦੇ ਹਨ, ਜਿਸ ਨਾਲ ਹਫੜਾ-ਦਫੜੀ ਵਾਲਾ ਮਾਹੌਲ ਬਣ ਸਕਦਾ ਹੈ।
ਇਹ ਵੀ ਪੜ੍ਹੋ- DM ਰੰਧਾਵਾ ਪੋਸਟਮਾਰਟਮ ਮੁਕੰਮਲ, ਵੀਡੀਓਗ੍ਰਾਫੀ ਨਾਲ ਪਾਰਦਰਸ਼ੀ ਕਾਰਵਾਈ
ਵਾਹਗਾ ਸਰਹੱਦ ਰਾਹੀਂ ਹੋਣ ਵਾਲਾ ਸੀਮਤ ਵਪਾਰ ਵੀ ਹੋਵੇਗਾ ਪ੍ਰਭਾਵਿਤ
ਇਸ ਸਬੰਧੀ ਸਮਾਜ ਸੇਵਕ ਅਤੇ ਜਲਿਆਂਵਾਲਾ ਬਾਗ ਸ਼ਹੀਦ ਪਰਿਵਾਰ ਸਮਿਤੀ ਦੇ ਜਨਰਲ ਸਕੱਤਰ ਨੌਨਿਸ਼ ਬਹਿਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਅਸਥਿਰਤਾ ਕਾਰਨ ਵਾਹਗਾ ਸਰਹੱਦ ਰਾਹੀਂ ਹੋਣ ਵਾਲਾ ਸੀਮਤ ਵਪਾਰ ਵੀ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਪਹਿਲਾਂ ਹੀ ਘੱਟ ਹੈ, ਪਰ ਅੰਤਰਰਾਸ਼ਟਰੀ ਬਾਜ਼ਾਰ ਵਿਚ ਵਪਾਰਕ ਵਸਤਾਂ ਦਾ ਵਟਾਂਦਰਾ ਰੁਕਣ ਨਾਲ ਸਥਾਨਕ ਉਦਯੋਗਾਂ ਨੂੰ ਕੱਚੇ ਮਾਲ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖ਼ਾਸ ਕਰ ਕੇ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਤੋਂ ਆਉਣ ਵਾਲੇ ਖੁਸ਼ਕ ਮੇਵਿਆਂ ਅਤੇ ਹੋਰ ਦਰਾਮਦ-ਬਰਆਮਦ ਹੋਣ ਵਾਲੀਆਂ ਚੀਜ਼ਾਂ ਦੇ ਭਾਅ ਵਧਣ ਦਾ ਖਦਸ਼ਾ ਹੈ। ਵਪਾਰੀਆਂ ਅਨੁਸਾਰ, ਜੇਕਰ ਜੰਗ ਲੱਗਦੀ ਹੈ ਤਾਂ ਸਪਲਾਈ ਚੇਨ ਪੂਰੀ ਤਰ੍ਹਾਂ ਟੁੱਟ ਜਾਵੇਗੀ, ਜਿਸ ਨਾਲ ਅੰਮ੍ਰਿਤਸਰ ਦੇ ਥੋਕ ਬਾਜ਼ਾਰਾਂ ਵਿਚ ਮੰਦੀ ਦਾ ਦੌਰ ਸ਼ੁਰੂ ਹੋ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਨੇ ਜਾਮ ਕਰ'ਤਾ ਰੇਲਵੇ ਟ੍ਰੈਕ
ਟਰਾਂਸਪੋਰਟੇਸ਼ਨ ਮਹਿੰਗੀ ਹੋਵੇਗੀ
ਇਸ ਸਬੰਧੀ ਗੱਲ ਕਰਦਿਆਂ ਗੁਰਦੀਪ ਸਿੰਘ ਬੱਲ ਅਤੇ ਸਮਾਜ ਸੇਵਿਕਾ ਅਲਕਾ ਸ਼ਰਮਾ ਨੇ ਦੱਸਿਆ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਆਉਣ ਨਾਲ ਟਰਾਂਸਪੋਰਟੇਸ਼ਨ ਮਹਿੰਗੀ ਹੋਵੇਗੀ, ਜਿਸ ਦਾ ਸਿੱਧਾ ਅਸਰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ’ਤੇ ਪਵੇਗਾ। ਸਬਜ਼ੀਆਂ, ਫਲ ਅਤੇ ਅਨਾਜ ਦੀਆਂ ਕੀਮਤਾਂ ਵਧਣ ਨਾਲ ਆਮ ਘਰਾਂ ਦਾ ਬਜਟ ਹਿੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹੋਟਲ ਕਾਰੋਬਾਰ ਅਤੇ ਕੈਮਿਸਟ ਉਦਯੋਗ ਵੀ ਮੰਦੀ ਦੀ ਲਪੇਟ ਵਿਚ ਆ ਸਕਦੇ ਹਨ। ਜੰਗੀ ਹਾਲਾਤਾਂ ਕਾਰਨ ਨਿਵੇਸ਼ ਰੁਕ ਸਕਦਾ ਹੈ, ਜਿਸ ਨਾਲ ਨਵੇਂ ਰੋਜ਼ਗਾਰ ਦੇ ਮੌਕੇ ਸੀਮਤ ਹੋ ਜਾਣਗੇ। ਸਮਾਜਿਕ ਪੱਖੋਂ ਦੇਖਿਆ ਜਾਵੇ ਤਾਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਥੇ ਬੈਠੇ ਪਰਿਵਾਰਾਂ ਵਿਚ ਡਰ ਪੈਦਾ ਹੋ ਰਿਹਾ ਹੈ। ਬੇਰੋਜ਼ਗਾਰ ਨੌਜਵਾਨਾਂ ਲਈ ਵਿਦੇਸ਼ ਜਾਣ ਦੇ ਰਾਹ ਵੀ ਔਖੇ ਹੋ ਸਕਦੇ ਹਨ ਕਿਉਂਕਿ ਕਈ ਦੇਸ਼ਾਂ ਨੇ ਵੀਜ਼ਾ ਪ੍ਰਕਿਰਿਆ ਸਖ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ। ਖ਼ਾਸ ਕਰਕੇ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਰਹੱਦੀ ਇਲਾਕਿਆਂ ਵਿਚ ਚਿੰਤਾ ਦੀ ਲਹਿਰ ਹੈ।
ਵਿਗੜ ਸਕਦੈ ਘਰਾਂ ਦਾ ਬਜਟ
ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਦੀ ਟੀਚਰ ਰਸ਼ਮੀ ਬਹਿਲ ਨੇ ਦੱਸਿਆ ਕਿ ਇਸ ਮਾਹੌਲ ਨਾਲ ਜਿੱਥੇ ਘਰਾਂ ਦਾ ਬਜਟ ਵਿਗੜ ਸਕਦਾ ਹੈ ਉੱਥੇ ਹੀ ਘਰੇਲੂ ਵਸਤਾਂ ਦੇ ਰੇਟਾਂ ਵਿਚ ਵੀ ਕਾਫੀ ਉਛਾਲ ਆਉਣ ਦੀ ਸੰਭਾਵਨਾ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਸ਼ਵ ਭਰ ਦੇ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ। ਜੰਗ ਕਾਰਨ ਵਿਦੇਸ਼ੀ ਸੈਲਾਨੀ ਅਤੇ ਐੱਨਆਰਆਈ ਸੰਗਤ ਦੀ ਆਮਦ ਘਟ ਸਕਦੀ ਹੈ, ਜਿਸ ਨਾਲ ਸ਼ਹਿਰ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਯਾਤਰੀ ਆਪਣੀਆਂ ਯਾਤਰਾਵਾਂ ਰੱਦ ਕਰ ਸਕਦੇ ਹਨ। ਸ਼ਹਿਰ ਦੀ ਆਰਥਿਕਤਾ ਦਾ ਇਕ ਵੱਡਾ ਹਿੱਸਾ ਧਾਰਮਿਕ ਸੈਰ-ਸਪਾਟੇ ’ਤੇ ਟਿਕਿਆ ਹੋਇਆ ਹੈ। ਜੇਕਰ ਸੈਲਾਨੀਆਂ ਦੀ ਗਿਣਤੀ ਘਟਦੀ ਹੈ, ਤਾਂ ਰਿਕਸ਼ਾ ਚਾਲਕਾਂ ਤੋਂ ਲੈ ਕੇ ਵੱਡੇ ਹੋਟਲ ਮਾਲਕਾਂ ਤੱਕ ਸਭ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
