ਸਕਾਟਲੈਂਡ ਪਹੁੰਚੇ ਯੂਕ੍ਰੇਨ ਤੋਂ ਆਉਣ ਵਾਲੇ 52 ਯਤੀਮ ਬੱਚੇ

03/25/2022 4:01:32 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕ੍ਰੇਨ ਦੇ 52 ਯਤੀਮ ਬੱਚੇ ਯੂਕੇ ਦੀ ਧਰਤੀ ‘ਤੇ ਪਹੁੰਚ ਚੁੱਕੇ ਹਨ। ਇਹ ਬੱਚੇ ਅਤੇ ਉਹਨਾਂ ਦੀ ਦੇਖਭਾਲ ਕਰਨ ਵਾਲੇ ਬੁੱਧਵਾਰ ਨੂੰ ਹੀਥਰੋ ਹਵਾਈ ਅੱਡੇ ‘ਤੇ ਉੱਤਰੇ। ਸੇਵ ਏ ਚਾਈਲਡ ਅਤੇ ਡਨੀਪਰੋ ਕਿਡਜ਼ ਚੈਰਿਟੀ ਸੰਸਥਾਵਾਂ ਦੇ ਉੱਦਮ ਨਾਲ ਨੇਪਰੇ ਚੜ੍ਹੇ ਇਸ ਪ੍ਰਾਜੈਕਟ ਅਧੀਨ ਇਹਨਾਂ ਬੱਚਿਆਂ ਨੇ ਪੋਲੈਂਡ ਰਾਹੀਂ ਅੱਗੇ ਤੁਰਨਾਂ ਸੀ ਪਰ ਕਾਗਜ਼ੀ ਕਾਰਵਾਈ ‘ਚ ਦੇਰੀ ਕਾਰਨ ਉਹਨਾਂ ਦਾ ਯੂਕੇ ਵਿਚ ਪਹੁੰਚਣਾ ਸੰਭਵ ਨਹੀਂ ਸੀ ਹੋ ਸਕਿਆ। ਡਨੀਪਰੋ ਕਿਡਜ਼ ਅਪੀਲ ਵੱਲੋਂ ਆਪਣੇ ਟਵਿੱਟਰ ਖਾਤੇ ਰਾਹੀਂ ਹੈਲੋ ਸਕਾਟਲੈਂਡ ਲਿਖ ਕੇ ਪਹੁੰਚਣ ਦਾ ਇਸ਼ਾਰਾ ਕੀਤਾ ਗਿਆ।

ਇਸਦੇ ਨਾਲ ਹੀ ਐੱਸ. ਐੱਨ. ਪੀ. ਵੈਸਟਮਿਨਸਟਰ ਲੀਡਨ ਈਅਨ ਬਲੈਕਫੋਰਡ ਨੇ ਇਹਨਾਂ ਪਲਾਂ ਨੂੰ ਭਾਵੁਕ ਪਲ ਦੱਸਦਿਆਂ ਕਿਹਾ ਕਿ ਇਹ ਬੱਚੇ ਇੱਥੇ ਸੁਰੱਖਿਅਤ ਮਹਿਸੂਸ ਕਰਨਗੇ। ਹੋਮ ਸੈਕਰੇਟਰੀ ਪ੍ਰੀਤੀ ਪਟੇਲ ਨੇ ਵੀ ਬੱਚਿਆਂ ਨੂੰ ਜੀ ਆਇਆਂ ਕਹਿੰਦਿਆਂ ਯੂਕੇ ਹੋਮ ਆਫ਼ਿਸ, ਸਕਾਟਲੈਂਡ ਸਰਕਾਰ ਤੇ ਵਰਜਿਨ ਐਟਲਾਂਟਿਕ ਦਾ ਧੰਨਵਾਦ ਕੀਤਾ ਹੈ। ਸਕਾਟਲੈਂਡ ਦੀ ਫ਼ਸਟ ਮਨਿਸਟਰ ਨਿਕਲਾ ਸਟਰਜਨ ਨੇ ਵੀ ਆਪਣੇ ਟਵੀਟ ਰਾਹੀਂ ਇਹਨਾਂ ਬੱਚਿਆਂ ਤੇ ਉਹਨਾਂ ਦੀ ਦੇਖ਼ਭਾਲ ਕਰਨ ਵਾਲਿਆਂ ਦਾ ਸਵਾਗਤ ਕੀਤਾ। ਯੂਕ੍ਰੇਨ ਦੇ ਲੋਕਾਂ ਨੂੰ ਸੁਪਰ ਸਪਾਂਸਰ ਸਕੀਮ ਤਹਿਤ ਸਕਾਟਲੈਂਡ ਆਉਣ ਦੀ ਇਜਾਜ਼ਤ ਤਹਿਤ ਤਕਰੀਬਨ 1000 ਲੋਕਾਂ ਨੇ ਅਪਲਾਈ ਕਰ ਦਿੱਤਾ ਹੈ।


cherry

Content Editor

Related News