ਭਾਰਤ, ਚੀਨ 'ਤੇ 500% ਟੈਰਿਫ! Trump ਦੇ ਐਲਾਨ ਨੇ ਵਧਾਈ ਚਿੰਤਾ

Wednesday, Jul 02, 2025 - 11:27 AM (IST)

ਭਾਰਤ, ਚੀਨ 'ਤੇ 500% ਟੈਰਿਫ! Trump ਦੇ ਐਲਾਨ ਨੇ ਵਧਾਈ ਚਿੰਤਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਪ੍ਰਸਤਾਵਿਤ ਬਿੱਲ ਭਾਰਤ-ਚੀਨ ਸਮੇਤ ਦੁਨੀਆ ਦੇ ਕੁਝ ਦੇਸ਼ਾਂ 'ਤੇ 500 ਫੀਸਦੀ ਟੈਕਸ ਲਗਾਉਣ ਦਾ ਰਸਤਾ ਸਾਫ ਕਰਦਾ ਹੈ। ਟਰੰਪ ਨੇ ਹੁਣ ਸੰਸਦ ਵਿੱਚ ਇੱਕ ਬਿੱਲ ਪੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਜੋ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ 'ਤੇ 500 ਪ੍ਰਤੀਸ਼ਤ ਟੈਕਸ ਦੀ ਵਕਾਲਤ ਕਰਦਾ ਹੈ।  ਟਰੰਪ ਦੁਆਰਾ ਦਿੱਤੀ ਗਈ ਇਸ ਇਜਾਜ਼ਤ ਦਾ ਦਾਅਵਾ ਦੱਖਣੀ ਕੈਰੋਲੀਨਾ ਤੋਂ ਰਿਪਬਲਿਕਨ ਸੰਸਦ ਮੈਂਬਰ ਲਿੰਡਸੇ ਗ੍ਰਾਹਮ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ। ਉਨ੍ਹਾਂ ਨੇ ਐਸਬੀਸੀ ਨਿਊਜ਼ ਨੂੰ ਇੱਕ ਇੰਟਰਵਿਊ ਦਿੱਤਾ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਟਰੰਪ ਨੇ ਇਹ ਬਿੱਲ ਪ੍ਰਸਤਾਵਿਤ ਕੀਤਾ ਹੈ।

ਅਮਰੀਕੀ ਸੰਸਦ ਮੈਂਬਰ ਲਿੰਡਸੇ ਗ੍ਰਾਹਮ ਨੇ ਭਾਰਤ ਅਤੇ ਚੀਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਦੇਸ਼ ਰੂਸ ਤੋਂ ਤੇਲ ਅਤੇ ਹੋਰ ਉਤਪਾਦ ਖਰੀਦਣਾ ਜਾਰੀ ਰੱਖਦੇ ਹਨ ਅਤੇ ਯੂਕ੍ਰੇਨ ਦੀ ਮਦਦ ਨਹੀਂ ਕਰਦੇ ਹਨ, ਤਾਂ ਅਮਰੀਕਾ ਵਿੱਚ ਉਨ੍ਹਾਂ ਦੇ ਉਤਪਾਦਾਂ 'ਤੇ 500 ਪ੍ਰਤੀਸ਼ਤ ਦਾ ਵੱਡਾ ਟੈਰਿਫ ਲਗਾਇਆ ਜਾਵੇਗਾ। ਗ੍ਰਾਹਮ ਨੇ ਕਿਹਾ ਕਿ ਭਾਰਤ ਅਤੇ ਚੀਨ ਰੂਸ ਦੇ ਲਗਭਗ 70% ਤੇਲ ਖਰੀਦ ਰਹੇ ਹਨ। ਇਹ ਪੁਤਿਨ ਨੂੰ ਯੂਕ੍ਰੇਨ ਨਾਲ ਜੰਗ ਲੜਨ ਵਿਚ ਮਦਦ ਰਿਹਾ ਹੈ। ਜੇਕਰ ਉਹ ਅਜਿਹਾ ਕਰਨਾ ਬੰਦ ਨਹੀਂ ਕਰਦੇ ਹਨ, ਤਾਂ ਅਮਰੀਕਾ ਇਨ੍ਹਾਂ ਦੇਸ਼ਾਂ 'ਤੇ ਭਾਰੀ ਟੈਰਿਫ ਲਗਾਏਗਾ।

ਪੜ੍ਹੋ ਇਹ ਅਹਿਮ ਖ਼ਬਰ-450 ਤੋਂ ਵੱਧ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਦਹਿਸ਼ਤ 'ਚ ਲੋਕ

ਅਮਰੀਕੀ ਸੰਸਦ ਮੈਂਬਰ ਗ੍ਰਾਹਮ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਚੱਲ ਰਹੀ ਹੈ। ਗ੍ਰਾਹਮ ਦਾ ਇਹ ਵੀ ਦਾਅਵਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਰਾਸ਼ਟਰਪਤੀ ਟਰੰਪ ਨੇ ਇਸ ਬਿੱਲ ਦਾ ਸਮਰਥਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੋਲਫ ਖੇਡਦੇ ਹੋਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਨੂੰ ਕਿਹਾ ਕਿ ਹੁਣ ਇਸ ਬਿੱਲ ਨੂੰ ਅੱਗੇ ਵਧਾਉਣ ਦਾ ਸਮਾਂ ਆ ਗਿਆ ਹੈ।

ਬਿੱਲ ਦਾ ਉਦੇਸ਼ 

ਗ੍ਰਾਹਮ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਿੱਲ ਦੇ 84 ਸਮਰਥਕ ਹਨ। ਇਸਦਾ ਉਦੇਸ਼ ਭਾਰਤ ਅਤੇ ਚੀਨ ਵਰਗੇ ਦੇਸ਼ਾਂ 'ਤੇ ਦਬਾਅ ਪਾਉਣਾ ਹੈ, ਤਾਂ ਜੋ ਉਹ ਰੂਸ ਤੋਂ ਤੇਲ ਅਤੇ ਹੋਰ ਸਮਾਨ ਖਰੀਦਣਾ ਬੰਦ ਕਰ ਦੇਣ। ਇਸ ਨਾਲ ਰੂਸ ਦੀ ਆਰਥਿਕਤਾ ਕਮਜ਼ੋਰ ਹੋ ਜਾਵੇਗੀ ਅਤੇ ਪੁਤਿਨ ਨੂੰ ਯੂਕ੍ਰੇਨ ਵਿੱਚ ਸ਼ਾਂਤੀ ਗੱਲਬਾਤ ਕਰਨ ਲਈ ਮਜਬੂਰ ਹੋਣਾ ਪਵੇਗਾ। ਇਹ ਬਿੱਲ ਅਗਸਤ ਵਿੱਚ ਅਮਰੀਕੀ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨੂੁੰ ਰੂਸ ਨੂੰ ਆਰਥਿਕ ਤੌਰ 'ਤੇ ਅਲੱਗ-ਥਲੱਗ ਕਰਨ ਦੀ ਅਮਰੀਕੀ ਕੋਸ਼ਿਸ਼ ਦਾ ਵੱਡਾ ਹਿੱਸਾ ਮੰਨਿਆ ਜਾਵੇਗਾ। ਦਰਅਸਲ ਅਮਰੀਕਾ ਯੂਕ੍ਰੇਨ 'ਤੇ ਰੂਸੀ ਹਮਲੇ ਨੂੰ ਰੋਕਣ ਲਈ ਰੂਸ 'ਤੇ ਆਰਥਿਕ ਦਬਾਅ ਵਧਾਉਣਾ ਚਾਹੁੰਦਾ ਹੈ। ਹਾਲਾਂਕਿ ਭਾਰਤ ਅਤੇ ਚੀਨ ਹੁਣ ਤੱਕ ਪੱਛਮੀ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਦੇ ਰਹੇ ਹਨ ਅਤੇ ਸਸਤੇ ਭਾਅ 'ਤੇ ਰੂਸੀ ਤੇਲ ਖਰੀਦਦੇ ਰਹੇ ਹਨ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਭਾਰਤ ਅਤੇ ਚੀਨ 'ਤੇ ਵਿਆਪਕ ਅਸਰ ਪੈ ਸਕਦਾ ਹੈ। ਇਸ ਕਦਮ ਨਾਲ ਭਾਰਤ ਦੇ ਫਾਰਮਾਸੂਟੀਕਲ, ਟੈਕਸਟਾਈਲ ਅਤੇ ਆਈਟੀ ਸੇਵਾਵਾਂ ਜਿਹੇ ਨਿਰਯਾਤ 'ਤੇ ਵੀ ਭਾਰੀ ਟੈਰਿਫ ਲੱਗ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News