ਇਟਲੀ 'ਚ 50,000 ਲੋਕਾਂ 'ਤੇ 'ਤਾਲਾਬੰਦੀ', NRI ਦੀ ਕਮਾਈ ਨੂੰ ਲੱਗੇਗਾ ਝਟਕਾ!

02/23/2020 8:34:02 AM

ਰੋਮ— ਕੋਰੋਨਾਵਾਇਰਸ ਦਾ ਡਰ ਦੁਨੀਆ ਭਰ 'ਚ ਵੱਧ ਰਿਹਾ ਹੈ ਕਿਉਂਕਿ ਚੀਨ ਤੋਂ ਬਾਹਰ ਦੇ ਇਲਾਕਿਆਂ 'ਚ ਵੀ ਇਸ ਦੇ ਫੈਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਟਲੀ 'ਚ ਕੋਰੋਨਾਵਾਇਰਸ ਨਾਲ ਸੰਕਰਮਿਤ 2 ਵਿਅਕਤੀਆਂ ਦੇ ਦਿਹਾਂਤ ਤੋਂ ਬਾਅਦ ਸ਼ਨੀਵਾਰ ਨੂੰ ਉੱਤਰੀ ਇਟਲੀ ਦੇ ਲਗਭਗ ਇਕ ਦਰਜਨ ਛੋਟੇ ਸ਼ਹਿਰਾਂ 'ਚ 'ਤਾਲਾਬੰਦੀ' ਕਰ ਦਿੱਤੀ ਗਈ ਹੈ। ਇਟਲੀ 'ਚ ਤਕਰੀਬਨ 50,000 ਲੋਕਾਂ ਨੂੰ ਅਗਲੀ ਸੂਚਨਾ ਤੱਕ ਘਰੋਂ ਬਾਹਰ ਨਾ ਜਾਣ ਦੇ ਹੁਕਮ ਦਿੱਤੇ ਗਏ ਹਨ। ਇਸ ਦਾ ਮਤਲਬ ਹੈ ਕਿ ਕਈ ਲੋਕਾਂ ਦੀ ਦਿਹਾੜੀ ਟੁੱਟ ਸਕਦੀ ਹੈ।

 

ਇਟਲੀ 'ਚ ਕੋਰੋਨਾਵਾਇਰਸ ਦੇ ਸੰਕਰਮਣ ਦੀ ਗਿਣਤੀ 79 'ਤੇ ਪਹੁੰਚ ਗਈ ਹੈ, ਜਿਸ 'ਚ ਦੋ ਮੌਤਾਂ ਵੀ ਸ਼ਾਮਲ ਹਨ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇਟਲੀ 'ਚ ਬਹੁਤ ਸਾਰੇ ਮਾਮਲਿਆਂ ਦਾ ਚੀਨ ਨਾਲ ਸਿੱਧਾ ਸੰਬੰਧ ਨਹੀਂ ਹੈ। ਇਸ ਦਾ ਅਰਥ ਇਹ ਹੈ ਕਿ ਬਹੁਤ ਸਾਰੇ ਹੋਰ ਲੋਕ ਸੰਕਰਮਿਤ ਹੋ ਸਕਦੇ ਹਨ ਜਿਨ੍ਹਾਂ ਨੂੰ ਅਜੇ ਤੱਕ ਇਸ ਦਾ ਅਹਿਸਾਸ ਨਹੀਂ ਹੋਇਆ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਂਬਾਰਡੀ ਅਤੇ ਵੈਨੇਟੋ 'ਚ ਸਥਾਨਕ ਅਧਿਕਾਰੀਆਂ ਨੇ ਸਕੂਲ, ਕਾਰੋਬਾਰ, ਰੈਸਟੋਰੈਂਟ ਬੰਦ ਕਰ ਦਿੱਤੇ ਹਨ ਤੇ ਖੇਡਾਂ ਦੇ ਸਾਰੇ ਸਮਾਗਮਾਂ ਅਤੇ ਧਾਰਮਿਕ ਸੇਵਾਵਾਂ ਨੂੰ ਵੀ ਰੱਦ ਕਰ ਦਿੱਤਾ ਹੈ। ਇਟਲੀ ਦੀ ਵਪਾਰਕ ਰਾਜਧਾਨੀ ਮਿਲਾਨ 'ਚ ਵੀ ਜਨਤਕ ਦਫਤਰ ਬੰਦ ਕਰ ਦਿੱਤੇ ਗਏ ਹਨ।

PunjabKesari

ਇਟਲੀ ਦੇ ਵੈਨੇਟੋ 'ਚ ਸ਼ੀਨਵਾਰ ਨੂੰ ਵਾਇਰਸ ਕਾਰਨ 78 ਸਾਲਾ ਸ਼ਖਸ ਦੀ ਮੌਤ ਹੋਈ ਹੈ, ਜਦੋਂ ਕਿ ਲੋਂਬਾਰਡੀ 'ਚ 77 ਸਾਲਾ ਮਹਿਲਾ ਦੇ ਪੋਸਟਮਾਰਡਮ 'ਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਸੀ। ਉੱਥੇ ਹੀ, ਕੋਡੋਗਨੋ 'ਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸ਼ਹਿਰ 'ਚ ਸੁਪਰ ਮਾਰਕੀਟ, ਰੈਸਟੋਰੈਂਟ ਅਤੇ ਦੁਕਾਨਾਂ ਬੰਦ ਹਨ, ਜਿਸ ਕਾਰਨ ਉੱਥੇ ਸੁਨਸਾਨ ਛਾ ਗਈ ਹੈ। ਬਾਹਰ ਨਿਕਲਣ ਵਾਲੇ ਲੋਕ ਮਾਸਕ ਪਾ ਕੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਟਲੀ 'ਚ ਵੱਡੀ ਗਿਣਤੀ 'ਚ ਪੰਜਾਬੀ ਰੋਜ਼ੀ-ਰੋਟੀ ਕਮਾਉਣ ਲਈ ਗਏ ਹੋਏ ਹਨ। ਕੋਰੋਨਾਵਾਇਰਸ ਕਾਰਨ ਕੰਮਕਾਜ ਠੱਪ ਹੋਣ ਨਾਲ ਉਨ੍ਹਾਂ ਦੀ ਕਮਾਈ ਪ੍ਰਭਾਵਿਤ ਹੋ ਸਕਦੀ ਹੈ। ਇਟਲੀ ਯੂਰਪ ਦਾ ਪਹਿਲਾ ਦੇਸ਼ ਹੈ, ਜਿੱਥੇ ਹੁਣ ਤੱਕ ਕੋਰੋਨਾਵਾਇਰਸ ਕਾਰਨ ਕੋਈ ਮੌਤ ਹੋਈ ਹੈ। ਉੱਥੇ ਹੀ, ਕੋਰੋਨਾਵਾਇਰਸ ਦੇ ਕੇਂਦਰ ਚੀਨ 'ਚ 2,000 ਲੋਕਾਂ ਦੀ ਜਾਨ ਜਾ ਚੁੱਕੀ ਹੈ।


Related News