ਅਮਰੀਕਾ ਚੋਣਾਂ ਦੇ ਨਤੀਜੇ ਕੈਨੇਡਾ ਨੂੰ ਇਨ੍ਹਾਂ 5 ਤਰੀਕਿਆਂ ਨਾਲ ਕਰ ਸਕਦੇ ਨੇ ਪ੍ਰਭਾਵਿਤ

10/13/2020 2:29:30 PM

ਓਟਾਵਾ- ਅਮਰੀਕਾ ਵਿਚ ਨਵੰਬਰ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਤੇ ਵਿਸ਼ਵ ਭਰ ਦੀ ਨਜ਼ਰ ਹੈ। ਰਾਸ਼ਟਰਪਤੀ ਦੀ ਉਮੀਦਵਾਰੀ ਲਈ ਇਕ ਵਾਰ ਫਿਰ ਰੀਪਬਲਿਕਨ ਪਾਰਟੀ ਵਲੋਂ ਡੋਨਾਲਡ ਟਰੰਪ ਚੋਣ ਮੈਦਾਨ ਵਿਚ ਹਨ, ਉੱਥੇ ਹੀ, ਡੈਮੋਕ੍ਰੇਟ ਪਾਰਟੀ ਵਲੋਂ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡੇਨ ਉਮੀਦਵਾਰ ਬਣਾਏ ਗਏ ਹਨ। 

ਇਨ੍ਹਾਂ ਚੋਣਾਂ ਦੇ ਨਤੀਜੇ ਦੇਸ਼ਾਂ-ਵਿਦੇਸ਼ਾਂ ਨੂੰ ਪ੍ਰਭਾਵਿਤ ਕਰਨਗੇ ਕਿਉਂਕਿ ਕਈ ਅਜਿਹੇ ਮੁੱਦੇ ਹਨ ਜਿਨ੍ਹਾਂ ਨੂੰ ਲੈ ਕੇ ਇਹ ਦੋਵੇਂ ਉਮੀਦਵਾਰ ਆਪਣੇ ਵੋਟਰਾਂ ਨਾਲ ਕਈ ਵਾਅਦੇ ਕਰ ਰਹੇ ਹਨ। ਇਸ ਲਈ ਇਸ ਦਾ ਅਸਰ ਕੈਨੇਡਾ 'ਤੇ ਵੀ ਹੋਵੇਗਾ, ਇਹ ਕਿਸ ਤਰ੍ਹਾਂ ਹੋਵੇਗਾ, ਆਓ ਇਨ੍ਹਾਂ ਨੂੰ 5 ਬਿੰਦੂਆਂ ਵਿਚ ਸੰਖੇਪ ਵਿਚ ਜਾਣਦੇ ਹਾਂ।

ਊਰਜਾ ਤੇ ਵਾਤਾਵਰਣ- 
ਟਰੰਪ ਨੇ ਵਧੇਰੇ ਤੇਲ ਦੀ ਡ੍ਰਿਲਿੰਗ, ਵਧੇਰੇ ਪਾਈਪਲਾਈਨ ਅਤੇ ਘੱਟ ਨਿਯਮਾਂ ਦਾ ਵਾਅਦਾ ਕੀਤਾ ਹੈ। ਦੂਜੇ ਪਾਸੇ, ਜੋਅ ਬਾਈਡੇਨ ਦਾ ਕਹਿਣਾ ਹੈ ਕਿ ਉਹ ਕੈਨੇਡਾ ਤੋਂ ਕੀਸਟੋਨ ਐਕਸਐਲ ਪਾਈਪਲਾਈਨ ਲਈ ਟਰੰਪ ਦੀ ਮਨਜ਼ੂਰੀ ਨੂੰ ਰੱਦ ਕਰ ਦੇਣਗੇ। ਬਾਈਡੇਨ ਸਵੱਛ ਊਰਜਾ ਵਿਚ ਵੱਡੇ ਪੱਧਰ 'ਤੇ ਨਿਵੇਸ਼ ਕਰਨ ਦੇ ਪੱਖ ਵਿਚ ਹਨ ਅਤੇ ਪੈਰਿਸ ਸਮਝੌਤੇ ਵਿਚ ਮੁੜ ਸ਼ਾਮਲ ਹੋਣ ਦੇ ਵੀ ਪੱਖ ਵਿਚ ਹਨ। ਬਾਈਡੇਨ ਦਾ ਕਹਿਣਾ ਹੈ ਕਿ ਜੋ ਦੇਸ਼ ਪੈਰਿਸ ਸਮਝੌਤੇ ਮੁਤਾਬਕ ਸਵੱਛ ਊਰਜਾ ਨੂੰ ਅਪਣਾਉਣ ਵਿਚ ਅਸਫਲ ਰਹਿੰਦਾ ਹੈ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਕੌਮਾਂਤਰੀ ਵਪਾਰ-
ਵਪਾਰ ਨੂੰ ਲੈ ਕੇ ਦੋਹਾਂ ਉਮੀਦਵਾਰਾਂ ਦੀ ਸੂਚੀ ਵਿਚ ਅਮਰੀਕੀਆਂ ਨੂੰ ਤਰਜੀਹ ਹੈ। ਹਾਲਾਂਕਿ, ਬਾਈਡੇਨ ਦਾ ਕਹਿਣਾ ਹੈ ਕਿ ਉਹ ਟਰੰਪ ਵਲੋਂ ਸਹਿਯੋਗੀ ਦੇਸ਼ਾਂ ਦੇ ਖਿਲਾਫ ਕੁਝ ਚੀਜ਼ਾਂ ਜਿਵੇਂ ਕਿ ਐਲੂਮੀਨੀਅਮ ਅਤੇ ਸਟੀਲ 'ਤੇ ਲਾਏ ਗਏ ਟੈਰਿਫਾਂ ਨੂੰ ਰੱਦ ਕਰ ਦੇਣਗੇ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਉਹ ਅਮਰੀਕਾ ਨੂੰ ਦੁਬਾਰਾ ਟ੍ਰਾਂਸ-ਪੈਸੀਫਿਕ ਭਾਈਵਾਲੀ ਲਈ ਵਿਆਪਕ ਅਤੇ ਪ੍ਰਗਤੀਸ਼ੀਲ ਸਮਝੌਤਾ ਵਿਚ ਸ਼ਾਮਲ ਕਰਨਗੇ, ਜਿਸ ਵਿਚ ਕੈਨੇਡਾ ਸਣੇ 11 ਮੁਲਕ ਸ਼ਾਮਲ ਹਨ। ਇਸ ਸਮਝੌਤੇ ਤਹਿਤ ਵਪਾਰ ਨੂੰ ਤਰਜੀਹ ਮਿਲਦੀ ਹੈ। ਉੱਥੇ ਹੀ, ਟਰੰਪ ਟੈਰਿਫਾਂ ਨੂੰ ਲੈ ਕੇ ਮੌਜੂਦਾ ਸਿਸਟਮ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ। 


ਰੱਖਿਆ-
ਕੁਝ ਵਿਸ਼ਲੇਸ਼ਕ ਤੇ ਟਰੰਪ ਦੇ ਸਹਿਯੋਗੀਆਂ ਨੂੰ ਡਰ ਹੈ ਕਿ ਦੂਜੇ ਕਾਰਜਕਾਲ ਵਿਚ ਉਹ ਨਾਟੋ ਤੋਂ ਬਾਹਰ ਹੋਣ ਦਾ ਵੱਡਾ ਕਦਮ ਚੁੱਕ ਸਕਦੇ ਹਨ। ਟਰੰਪ ਨਾਟੋ ਨੂੰ ਬੇਵਜ੍ਹਾ ਦਾ ਸੰਗਠਨ ਵੀ ਕਹਿ ਚੁੱਕੇ ਹਨ। ਉੱਥੇ ਹੀ, ਬਾਈਡੇਨ ਨਾਟੋ ਦੇ ਸਮਰਥਕ ਹਨ। ਉਨ੍ਹਾਂ ਦੀ ਨਿਗਰਾਨੀ ਵਿਚ ਨਾਟੋ ਦੇ ਭਵਿੱਖ ਅਤੇ ਮਿਸ਼ਨਾਂ ਬਾਰੇ ਕੈਨੇਡਾ ਨੂੰ ਵੱਖਰੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਵਿਚ ਇਕ ਵੱਡਾ ਮੁੱਦਾ ਇਹ ਹੈ ਕਿ ਕੀ ਕੈਨੇਡਾ ਆਰਕਟਿਕ 'ਤੇ ਨਵਾਂ ਰਾਡਾਰ ਸਥਾਪਤ ਕਰਨ ਲਈ ਅਰਬਾਂ ਦਾ ਖਰਚ ਜਾਰੀ ਰੱਖੇਗਾ ਜਾਂ ਬੰਦ ਕਰੇਗਾ?

ਚੀਨ-
ਸਭ ਤੋਂ ਗਰਮ ਮੁੱਦਾ, ਜਿਸ 'ਤੇ ਦੇਸ਼ਾਂ ਦੀ ਨਜ਼ਰ ਹੈ, ਉਹ ਹੈ ਚੀਨ ਦਾ ਮੁੱਦਾ। ਚੀਨ-ਅਮਰੀਕਾ ਵਿਚਕਾਰ ਅਣਗਿਣਤ ਮੁੱਦਿਆਂ ਨੂੰ ਲੈ ਕੇ ਤਣਾਅ ਵੱਧਦਾ ਜਾ ਰਿਹਾ ਹੈ। ਟਰੰਪ ਨੇ ਇਨ੍ਹਾਂ ਮੁੱਦਿਆਂ ਨੂੰ ਮੁੱਖ ਤਰਜੀਹ ਦਿੱਤੀ ਹੈ ਅਤੇ ਉਹ ਜਲਦ ਕਿਤੇ ਇਸ ਤੋਂ ਪਿੱਛੇ ਹਟਦੇ ਦਿਖਾਈ ਨਹੀਂ ਦੇ ਰਹੇ। ਉੱਥੇ ਹੀ, ਕੈਨੇਡਾ ਦਾ ਵੀ ਚੀਨ ਨਾਲ ਟਕਰਾਅ ਹੈ ਕਿਉਂਕਿ ਚੀਨ ਨੇ ਕੈਨੇਡਾ ਵਿਚ ਹੁਵਾਵੇਈ ਦੀ ਸੀ. ਈ. ਓ. ਦੀ ਗ੍ਰਿਫਤਾਰੀ ਪਿੱਛੋਂ ਕੈਨੇਡਾ ਦੇ ਕਈ ਨਾਗਰਿਕਾਂ ਨੂੰ ਅਦਾਲਤਾਂ ਜ਼ਰੀਏ ਸਜ਼ਾ ਸੁਣਾਈ ਹੈ। ਕੈਨੇਡਾ ਨੇ ਅਮਰੀਕਾ ਦੇ ਕਹਿਣ 'ਤੇ ਹੀ ਹੁਵਾਵੇਈ ਦੀ ਸੀ. ਈ. ਓ. ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦੀ ਅਮਰੀਕਾ ਨੂੰ ਹਵਾਲਗੀ ਲਈ ਕੈਨੇਡਾ ਵਿਚ ਸੁਣਵਾਈ ਚੱਲ ਰਹੀ ਹੈ। 
ਉੱਥੇ ਹੀ, ਬਾਈਡੇਨ ਦਾ ਪੱਖ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਵੱਖਰਾ ਹੈ ਅਤੇ ਚੀਨ ਪ੍ਰਤੀ ਨਰਮ ਨਜ਼ਰ ਆ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਹਿਯੋਗੀਆਂ ਨਾਲ ਨੇੜਿਓਂ ਕੰਮ ਕਰਨਗੇ। ਹਾਲਾਂਕਿ, ਟਰੰਪ ਨੇ ਵੀ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਭਵਿੱਖ ਵਿਚ ਚੀਨ ਨਾਲ ਅਮਰੀਕਾ ਦੇ ਸਬੰਧ ਕਿਸ ਤਰ੍ਹਾਂ ਦੇ ਹੋਣਗੇ।  ਚੀਨ ਨੂੰ ਲੈ ਕੇ ਟਰੰਪ ਬਾਈਡੇਨ 'ਤੇ ਦੋਸ਼ ਲਾ ਚੁੱਕੇ ਹਨ ਕਿ ਬਾਈਡੇਨ ਉਪ ਰਾਸ਼ਟਰਪਤੀ ਰਹਿਣ ਦੌਰਾਨ ਅਮਰੀਕੀਆਂ ਦਾ ਹੱਕ ਮਾਰ ਕੇ ਉਨ੍ਹਾਂ ਦੀਆਂ ਨੌਕਰੀਆਂ ਚੀਨ ਨੂੰ ਦੇ ਦਿੱਤੀਆਂ ਸਨ। 

ਇਮੀਗ੍ਰੇਸ਼ਨ-
ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਆਪਣੇ ਪਹਿਲੇ ਕਾਰਜਕਾਲ ਦੌਰਾਨ ਅਸਥਾਈ ਵੀਜ਼ਾ ਪ੍ਰੋਗਰਾਮਾਂ 'ਤੇ ਕੀਤੀ ਗਈ ਸਖਤੀ ਨੂੰ ਉਹ ਦੂਜੇ ਕਾਰਜਕਾਲ ਵਿਚ ਹੋਰ ਵੀ ਸਖਤ ਕਰ ਸਕਦੇ ਹਨ। ਉਦਾਹਰਣ ਲਈ, ਹਾਲ ਵਿਚ ਉਨ੍ਹਾਂ ਨੇ ਐੱਚ-1 ਬੀ ਵੀਜ਼ਾ ਲਈ ਵੱਡੇ ਬਦਲਾਅ ਦੀ ਘੋਸ਼ਣਾ ਕੀਤੀ ਹੈ। ਉੱਥੇ ਹੀ ਸ਼ਰਣਾਰਥੀਆਂ ਲਈ ਵੀ ਉਹ ਕੁਝ ਬਦਲਾਅ ਕਰਨ ਦੇ ਪੱਖ ਵਿਚ ਹਨ। ਇਸ ਨਾਲ ਕੈਨੇਡਾ ਵਿਚ ਬਾਹਰੀ ਲੋਕਾਂ ਦਾ ਹੜ੍ਹ ਆ ਸਕਦਾ ਹੈ ਕਿਉਂਕਿ ਕੈਨੇਡਾ ਦੀ ਇਮਗ੍ਰੇਸ਼ਨ ਪਾਲਿਸੀ ਅਮਰੀਕਾ ਨਾਲੋਂ ਨਰਮ ਹੈ। 
ਉੱਥੇ ਹੀ, ਬਾਈਡੇਨ ਦਾ ਕਹਿਣਾ ਹੈ ਕਿ ਉਹ ਟਰੰਪ ਦੇ ਐੱਚ-1 ਬੀ ਵੀਜ਼ਾ ਨੂੰ ਲੈ ਕੇ ਲਏ ਫੈਸਲਿਆਂ ਨੂੰ ਪਲਟ ਦੇਣਗੇ ਅਤੇ ਪ੍ਰਵਾਸੀਆਂ ਦੇ ਮਨੁੱਖੀ ਸੁਰੱਖਿਆ ਖਤਮ ਕਰਨ ਦੇ ਫੈਸਲੇ ਦੀ ਵੀ ਸਮੀਖਿਆ ਕਰਨਗੇ। ਇਸ ਤੋਂ ਇਲਾਵਾ ਅਮਰੀਕਾ ਵਿਚ ਆਉਣ ਵਾਲੇ ਸ਼ਰਣਾਰਥੀਆਂ ਦੀ ਗਿਣਤੀ ਵਧਾ ਕੇ 1,25,000 ਕਰ ਦੇਣਗੇ। 
 


Lalita Mam

Content Editor

Related News