ਕੋਰੋਨਾਵਾਇਰਸ: ਚੀਨ ਨੇ 5 ਹੋਰ ਸ਼ਹਿਰਾਂ ਨੂੰ ਕੀਤਾ ਬੰਦ, 5.6 ਕਰੋੜ ਲੋਕ ਪ੍ਰਭਾਵਿਤ

Saturday, Jan 25, 2020 - 03:29 PM (IST)

ਕੋਰੋਨਾਵਾਇਰਸ: ਚੀਨ ਨੇ 5 ਹੋਰ ਸ਼ਹਿਰਾਂ ਨੂੰ ਕੀਤਾ ਬੰਦ, 5.6 ਕਰੋੜ ਲੋਕ ਪ੍ਰਭਾਵਿਤ

ਬੀਜਿੰਗ- ਚੀਨ ਨੇ ਘਾਤਕ ਵਾਇਰਸ ਕੋਰੋਨਾ ਦੇ ਫੈਲਣ ਦੇ ਖਦਸ਼ੇ ਨੂੰ ਦੇਖਦੇ ਹੋਏ ਤੇ ਇਸ ਵਾਇਰਸ 'ਤੇ ਕਾਬੂ ਕਰਨ ਦੇ ਮੱਦੇਨਜ਼ਰ ਇਸ ਤੋਂ ਪ੍ਰਭਾਵਿਤ ਸ਼ਹਿਰ ਦੇ ਨੇੜੇ ਮੌਜੂਦ ਹੋਰ ਪੰਜ ਸ਼ਹਿਰਾਂ ਵਿਚ ਸ਼ਨੀਵਾਰ ਨੂੰ ਯਾਤਰਾ ਪਾਬੰਦੀ ਐਲਾਨ ਦਿੱਤੀ ਹੈ, ਜਿਸ ਤੋਂ ਬਾਅਦ 5.6 ਕਰੋੜ ਦੀ ਆਬਾਦੀ ਪ੍ਰਭਾਵਿਤ ਹੈ। ਵੁਹਾਨ ਵਿਚ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਪਾਬੰਦੀ ਵਿਚ ਜਨਤਕ ਆਵਾਜਾਈ ਸੰਪਰਕ ਤੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਸੜਕਾਂ ਸ਼ਾਮਲ ਹਨ। 

ਮੱਧ ਹੁਬੇਈ ਸੂਬੇ ਵਿਚ ਹੁਣ ਤੱਕ ਕੁੱਲ 18 ਸ਼ਹਿਰਾਂ ਵਿਚ ਯਾਤਰਾ ਪਾਬੰਦੀ ਲਗਾਈ ਗਈ ਹੈ। ਚੀਨ ਨੇ ਟਰੇਨਾਂ, ਜਹਾਜ਼ਾ ਤੇ ਬੱਸਾਂ 'ਤੇ ਇਸ ਖਤਰਨਾਕ ਵਾਇਰਸ ਦੇ ਸ਼ੱਕੀ ਮਾਮਲਿਆਂ ਦੀ ਪਛਾਣ ਤੇ ਤੁਰੰਤ ਉਹਨਾਂ ਨੂੰ ਵੱਖਰਾ ਕਰਨ ਦੇ ਲਈ ਦੇਸ਼ ਵਿਆਪੀ ਕਦਮ ਚੁੱਕਣ ਦਾ ਹੁਕਮ ਦਿੱਤਾ ਹੈ। ਚੀਨ ਵਿਚ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਵਾਇਰਸ ਜਾਂਚ ਕੇਂਦਰ ਸਥਾਪਿਤ ਕੀਤੇ ਜਾਣਗੇ ਤੇ ਸ਼ੱਕੀ ਨਿਮੋਨੀਆ ਨਾਲ ਗ੍ਰਸਤ ਯਾਤਰੀਆਂ ਨੂੰ ਨਿਸ਼ਚਿਤ ਰੂਪ ਨਾਲ ਤੁਰੰਤ ਹਸਪਤਾਲ ਦਾਖਲ ਕਰਵਾਇਆ ਜਾਵੇਗਾ। ਟਰੇਨ, ਜਹਾਜ਼ ਜਾਂ ਬੱਸਾਂ ਨੂੰ ਕੀਟਾਣੂ ਰਹਿਤ ਕੀਤੇ ਜਾਣ ਦੇ ਨਾਲ ਹੀ ਸ਼ੱਕੀ ਮਾਮਲਿਆਂ ਨੂੰ ਵੀ ਵੱਖਰਾ ਕੀਤਾ ਜਾਣਾ ਚਾਹੀਦਾ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ ਆਵਾਜਾਈ ਦੇ ਸਾਰੇ ਵਿਭਾਗਾਂ ਨੂੰ ਨਿਸ਼ਚਿਤ ਰੂਪ ਨਾਲ ਸਖਤੀ ਨਾਲ ਇਸ ਦੀ ਰੋਕਥਾਮ ਤੇ ਕੰਟਰੋਲ ਦੇ ਉਪਾਅ ਕਰਨੇ ਚਾਹੀਦੇ ਹਨ। ਇਸ ਵਿਚ ਹਵਾਈ ਅੱਡਾ, ਰੇਲਵੇ ਸਟੇਸ਼ਨ, ਬੱਸ ਸਟੇਸ਼ਨਾਂ ਤੇ ਬੰਦਰਗਾਹਾਂ 'ਤੇ ਜਾਂਚ ਦੇ ਉਪਾਅ ਸ਼ਾਮਲ ਹਨ। ਇਸ ਦੇ ਮੁਤਾਬਕ ਇਹ ਉਪਾਅ ਸਰਹੱਦੀ ਜਾਂਚ ਵਿਚ ਵੀ ਸਾਰੇ ਰਸਤਿਆਂ 'ਤੇ ਲਾਗੂ ਹੋਣ। ਐਨ.ਐਚ.ਸੀ. ਮੁਤਾਬਕ ਯਾਤਰੀਆਂ ਦੀ ਸੇਵਾ ਵਿਚ ਲੱਗੇ ਕਰਮਚਾਰੀਆਂ ਨੂੰ ਨਿਸ਼ਚਿਤ ਰੂਪ ਨਾਲ ਮਾਸਕ ਪਾਉਣਾ ਚਾਹੀਦਾ ਹੈ। ਇਹ ਐਲਾਨ ਅਜਿਹੇ ਵੇਲੇ ਵਿਚ ਹੋਇਆ ਹੈ ਜਦੋਂ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 41 ਤੇ ਪੀੜਤਾਂ ਦੀ ਗਿਣਤੀ 1300 ਹੋ ਗਈ ਹੈ। 


author

Baljit Singh

Content Editor

Related News