ਪਾਕਿਸਤਾਨ ''ਚ ਲੱਗੇ ਭੂਚਾਲ ਦੇ ਝਟਕੇ, 5.6 ਰਹੀ ਤੀਬਰਤਾ
Tuesday, Jun 13, 2023 - 03:45 PM (IST)
 
            
            ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਮੰਗਲਵਾਰ ਨੂੰ 5.6 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ ਦੇ ਮੌਸਮ ਵਿਭਾਗ (ਪੀ.ਐੱਮ.ਡੀ.) ਮੁਤਾਬਕ ਭੂਚਾਲ ਦੇ ਝਟਕੇ ਸਥਾਨਕ ਸਮੇਂ ਮੁਤਾਬਕ ਦੁਪਹਿਰ 1:04 ਵਜੇ ਮਹਿਸੂਸ ਕੀਤੇ ਗਏ, ਜਿਸ ਦੀ ਡੂੰਘਾਈ 10 ਕਿਲੋਮੀਟਰ ਸੀ। ਪੀ.ਐੱਮ.ਡੀ. ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਪੂਰਬੀ ਕਸ਼ਮੀਰ ਸੀ। ਲਾਹੌਰ, ਇਸਲਾਮਾਬਾਦ ਅਤੇ ਪੇਸ਼ਾਵਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਆਪਣੇ ਦਫਤਰਾਂ ਅਤੇ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਗਏ।
ਕਿਸੇ ਜਾਨੀ ਨੁਕਸਾਨ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ। ਪੰਜਾਬ ਵਿੱਚ ਸ਼ਕਰਗੜ੍ਹ, ਚਿਚਾਵਤਨੀ, ਸਿਆਲਕੋਟ, ਮੰਡੀ ਬਹਾਉਦੀਨ, ਰਾਵਲਪਿੰਡੀ, ਜੇਹਲਮ, ਹਾਫਿਜ਼ਾਬਾਦ ਅਤੇ ਜ਼ਫਰਵਾਲ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਨੇ ਖੈਬਰ ਪਖਤੂਨਖਵਾ ਦੇ ਐਬਟਾਬਾਦ, ਸਵਾਬੀ ਅਤੇ ਸਵਾਤ ਖੇਤਰਾਂ ਨੂੰ ਵੀ ਪ੍ਰਭਾਵਿਤ ਕੀਤਾ। ਇਸ ਦੌਰਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਬਾਗ, ਧੀਰਕੋਟ ਅਤੇ ਮੁਜ਼ੱਫਰਾਬਾਦ ਖੇਤਰਾਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            