ਪਾਕਿ ''ਚ ਕੋਰੋਨਾ ਸਬੰਧੀ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਣ 48 ਡਾਕਟਰਾਂ ਨੇ ਦਿੱਤਾ ਅਸਤੀਫਾ
Sunday, Jul 05, 2020 - 11:30 PM (IST)
ਲਾਹੌਰ (ਭਾਸ਼ਾ): ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਖਲਾਈ ਹਸਪਤਾਲਾਂ ਵਿਚ ਕੰਮ ਕਰ ਰਹੇ 48 ਡਾਕਟਰਾਂ ਨੇ ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਕੋਈ ਸੁਰੱਖਿਆ ਪ੍ਰਬੰਧ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਐਤਵਾਰ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ, ਜਿਸ ਨਾਲ ਕੋਵਿਡ-19 ਦੇ ਖਿਲਾਫ ਜੰਗ ਵਿਚ ਦੇਸ਼ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਿਆ ਹੈ। ਪਾਕਿਸਤਾਨ ਵਿਚ ਹੁਣ ਤੱਕ 2,28,000 ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ, ਜਿਸ ਵਿਚੋਂ 4,700 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ਦੇ ਸਿਹਤ ਵਿਭਾਗ ਵਲੋਂ ਐਤਵਾਰ ਨੂੰ ਇਥੇ ਜਾਰੀ ਸੂਚਨਾ ਮੁਤਾਬਕ 48 ਡਾਕਟਰਾਂ ਨੇ ਸਰਕਾਰੀ ਸਿਖਲਾਈ ਹਸਪਤਾਲਾਂ ਵਿਚ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਸਵਿਕਾਰ ਕਰ ਲਏ ਗਏ ਹਨ। ਇਨ੍ਹਾਂ ਵਿਚੋਂ ਵਧੇਰੇ ਡਾਕਟਰ ਨੌਜਵਾਨ ਹਨ। ਅਸਤੀਫਾ ਦੇਣ ਵਾਲੇ ਡਾਕਟਰ ਲਾਹੌਰ ਦੇ ਮੇਯੋ, ਸਰਵਿਸਿਜ਼, ਜਿੰਨਾ, ਜਨਰਲ, ਲੇਡੀ ਐਟਿਸਨ, ਚਿਲਡ੍ਰਨ ਹਸਪਤਾਲ, ਫੈਸਲਾਬਾਦ ਦੇ ਸ਼ੇਖ ਜਾਇਦ, ਐਲਾਇਡ ਤੇ ਸਿਵਲ ਹਸਪਤਾਲ ਤੇ ਮੁਲਤਾਨ ਦੇ ਐੱਸ.ਜ਼ੈੱਡ.ਐੱਚ. ਰਹੀਮ ਯਾਰ ਖਾਨ ਤੇ ਨਿਸ਼ਤਰ ਹਸਪਤਾਲ ਵਿਚ ਸੇਵਾ ਨਿਭਾ ਰਹੇ ਸਨ।
ਲਾਹੌਰ ਦੇ ਇਕ ਜਨਤਕ ਹਸਪਤਾਲ ਦੇ ਸੀਨੀਅਰ ਡਾਕਟਰ ਨੇ ਕਿਹਾ ਕਿ ਡਾਕਟਰਾਂ ਨੇ ਸਰਕਾਰ ਨੂੰ ਕਈ ਵਾਰ ਘਾਤਕ ਕੋਰੋਨਾ ਵਾਇਰਸ ਤੋਂ ਬਚਣ ਲਈ ਲੋੜੀਂਦੇ ਸੁਰੱਖਿਆ ਉਪਕਰਨ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ, ਪਰ ਸਰਕਾਰ ਦੀ ਨਾਕਾਮੀ ਦੇ ਚੱਲਦੇ ਉਨ੍ਹਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਰਕਾਰ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਵਧੇਰੇ ਦਿਲਚਸਪੀ ਨਹੀਂ ਰੱਖਦੀ। ਪਾਕਿਸਤਾਨ ਦੇ ਰਾਸ਼ਟਰੀ ਸਿਹਤ ਸੰਸਥਾਨ ਮੁਤਾਬਕ ਕੋਵਿਡ-19 ਦੇ ਚੱਲਦੇ ਹੁਣ ਤੱਕ 70 ਤੋਂ ਵਧੇਰੇ ਮੈਡੀਕਲ ਪੇਸ਼ੇਵਰਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ ਵਧੇਰੇ ਡਾਕਟਰ ਹਨ। ਇਸ ਤੋਂ ਇਲਾਵਾ 5000 ਤੋਂ ਵਧੇਰੇ ਮੈਡੀਕਲ ਕਰਮਚਾਰੀ ਇਨਫੈਕਟਿਡ ਹੋਏ ਹਨ।