ਕੈਲੀਫੋਰਨੀਆ ਹਾਕਸ ਫੀਲਡ ਹਾਕੀ ਕਲੱਬ ਦੀਆਂ 4 ਟੀਮਾਂ ਨੇ ਕੈਲ ਕੱਪ ''ਚ ਲਿਆ ਹਿੱਸਾ

06/10/2023 9:45:36 AM

ਫਰਿਜਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)- ਸਥਾਨਕ ਕੈਲੀਫੋਰਨੀਆ ਹਾਕਸ ਫੀਲਡ ਹਾਕੀ ਕਲੱਬ ਵੱਖ-ਵੱਖ ਟੂਰਨਾਮੈਂਟਾਂ ਦੌਰਾਨ ਆਪਣੀ ਚੰਗੀ ਖੇਡ ਕਰਕੇ ਖੇਡ ਪ੍ਰੇਮੀਆਂ ਦੀ ਪ੍ਰਸ਼ੰਸਾ ਖੱਟ ਰਹੀ ਹੈ। ਇਸੇ ਕੜੀ ਤਹਿਤ ਲਾਸ ਏਂਜਲਸ ਸ਼ਹਿਰ ਦੇ ਮੋਰ ਪਾਰਕ ਵਿੱਚ 51ਵਾਂ ਗਰੈਂਡ ਕੈਲ ਕੱਪ ਇੰਟਰਨੈਸ਼ਨਲ ਫੀਲਡ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਹ ਕੱਪ 26 ਮਈ ਤੋਂ 29 ਮਈ ਤੱਕ ਚੱਲਿਆ, ਜਿਸ ਵਿੱਚ ਦੁਨੀਆ ਭਰ ਦੇ 18 ਦੇਸ਼ਾਂ ਵਿਚੋਂ 130 ਟੀਮਾਂ ਪਹੁੰਚੀਆਂ ਸਨ।

ਖ਼ੁਸ਼ੀ ਦੀ ਗੱਲ ਇਹ ਰਹੀ ਕਿ ਇਸ ਟੂਰਨਾਮੈਂਟ ਵਿੱਚ ਸੈਂਟਰਲਵੈਲੀ ਦੇ ਸ਼ਹਿਰ ਫਰਿਜਨੋ ਦੀ ਕੈਲੀਫੋਰਨੀਆ ਹਾਕਸ ਫੀਲਡ ਹਾਕੀ ਕਲੱਬ ਦੀਆਂ ਚਾਰ ਟੀਮਾਂ, ਕ੍ਰਮਵਾਰ 8 ਸਾਲ, 12 ਸਾਲ, 14 ਸਾਲ ਅਤੇ ਸੀਨੀਅਰ ਟੀਮ ਨੇ ਇਸ ਟੂਰਨਾਮੈਂਟ ਵਿੱਚ ਭਾਗ ਲੈ ਕੇ ਬਹੁਤ ਚੰਗਾ ਪ੍ਰਦ੍ਰਸ਼ਨ ਕੀਤਾ। 8 ਸਾਲ ਦੀ ਟੀਮ ਨੇ ਸਾਰੇ ਮੈਚ ਜਿੱਤਕੇ ਗੋਲਡ ਮੈਡਲ ਜਿੱਤਿਆ। 14 ਸਾਲ ਦੀ ਟੀਮ ਨੇ ਰੌਚਿਕ ਫਾਈਨਲ ਮੁਕਾਬਲੇ ਵਿੱਚ ਸਿਲਵਰ ਮੈਡਲ ਆਪਣੇ ਨਾਮ ਕੀਤਾ। ਸੀਨੀਅਰ ਟੀਮ 5 ਵਿੱਚੋਂ 4 ਮੈਚ ਜਿੱਤਕੇ ਮੈਡਲ ਤੋਂ ਵਾਂਝੀ ਰਹਿ ਗਈ। 12 ਸਾਲ ਦੀ ਟੀਮ ਨੇ 5 ਮੈਚ ਖੇਡੇ, ਜਿਸ ਵਿੱਚ ਉਸਨੇ ਇੱਕ ਮੈਚ ਜਿੱਤਿਆ, 2 ਹਾਰੇ ਅਤੇ 2 ਮੈਚਾਂ ਵਿੱਚ ਖੇਡ ਬਰਾਬਰੀ 'ਤੇ ਖ਼ਤਮ ਹੋਈ। 12 ਸਾਲ ਦੀ ਟੀਮ ਨੇ ਤਾਈਵਾਨ ਦੇ ਨਾਲ ਇੰਟਰਨੈਸ਼ਨਲ ਮੈਚ ਦੌਰਾਨ ਸੋਹਣੀ ਖੇਡ ਵਿਖਾਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਗੋਲ ਕੀਪਰ ਉਦੇ ਸਿੰਘ ਨੂੰ ਮੈਚ ਦਾ ਬੈਸਟ ਗੋਲਕੀਪਰ ਐਲਾਨਿਆ ਗਿਆ।

ਫਰਿਜਨੋ ਨਿਵਾਸੀ 14 ਸਾਲਾ ਗੋਲਕੀਪਰ ਗੁਰਨੂਰ ਕੌਰ ਜਿਸਦਾ ਪਿਛੋਕੜ ਪੰਜਾਬ ਦੇ ਕਿਲਾ-ਰਾਏਪੁਰ ਨਾਲ ਹੈ, ਉਸਨੇ ਫਾਈਨਲ ਵਿੱਚ ਪੰਜਾਂ ਵਿੱਚੋਂ ਤਿੰਨ ਪਨੈਲਟੀ-ਸਟਰੋਕ ਰੋਕ ਕੇ ਟੀਮ ਦੀ ਬੈਸਟ ਗੋਲਕੀਪਰ ਦਾ ਖ਼ਿਤਾਬ ਹਾਸਲ ਕਰਦਿਆਂ ਸੀਨੀਅਰ ਟੀਮ ਵਿੱਚ ਵੀ ਆਪਣੀ ਜਗ੍ਹਾ ਬਣਾ ਲਈ। ਇਸ ਤੋਂ ਪਹਿਲਾਂ ਦੀਪ ਅਤੇ ਪ੍ਰੀਤ, ਜੋ ਸਿਰਫ 15 ਸਾਲਾਂ ਦੀਆਂ ਹਨ, ਅਤੇ ਸੀਨੀਅਰ ਟੀਮ ਵਿੱਚ ਖੇਡ ਰਹੀਆਂ ਹਨ। ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪਲੇਅਰਾਂ ਨੇ ਚਣੌਤੀਆਂ ਬਾਰੇ ਕਿਹਾ ਕਿ ਅਸੀਂ ਕੋਚਾਂ ਦੀ ਕਾਰਗੁਜ਼ਾਰੀ ਤੋਂ ਪੂਰੇ ਸੰਤੁਸ਼ਟ ਹਾਂ, ਪਰ ਸਾਨੂੰ ਘਰੋਂ ਪੂਰੀ ਸਪੋਰਟ ਨਹੀਂ ਮਿਲਦੀ। ਉਹਨਾਂ ਕਿਹਾ ਕਿ ਖੇਡ ਤੁਹਾਡੇ ਸਰੀਰ ਅਤੇ ਦਿਮਾਗ ਨੂੰ ਤੰਦਰੁਸਤ ਰੱਖਦੀ ਹੈ।

ਸੀਨੀਅਰ ਖਿਡਾਰੀ ਸੰਨਦੀਪ “ਸੰਨਾ” ਨੇ ਕਿਹਾ ਕਿ ਮੈਨੂੰ ਘਰੋਂ ਸਿਰਫ ਦੋ ਦਿਨ ਹੀ ਖੇਡਣ ਦੀ ਇਜਾਜ਼ਤ ਮਿਲੀ ਹੈ, ਜਦੋਂ ਕਿ ਮੇਰਾ ਜੀਅ ਕਰਦਾ ਸੀ ਕਿ ਪੂਰਾ ਟੂਰਨਾਮੈਂਟ ਖੇਡਾਂ। ਇੱਥੇ ਇਹ ਵੀ ਜਿਕਰਯੋਗ ਹੈ ਕਿ ਫਰਿਜਨੋ ਦਾ ਹਾਕੀ ਕਲੱਬ ਬਹੁਤ ਵਧੀਆ ਟੀਮਾਂ ਤਿਆਰ ਕਰ ਰਿਹਾ ਹੈ। ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਹਾਕੀ ਨਾਲ ਜੋੜ ਰਿਹਾ ਹੈ ਅਤੇ ਮੈਡਲ ਵੀ ਜਿੱਤਕੇ ਲਿਆ ਰਿਹਾ ਹੈ। ਇਸਦੇ ਬਾਵਜੂਦ ਕੈਲੀਫੋਰਨੀਆ ਹਾਕਸ ਫੀਲਡ ਹਾਕੀ ਕਲੱਬ ਕੋਲ ਇੱਕ ਵੀ ਫੀਲਡ ਹਾਕੀ ਗਰਾਊਂਡ ਨਹੀਂ ਹੈ। ਪਿਛਲੇ ਲੰਮੇ ਸਮੇਂ ਤੋਂ ਸਿਟੀ ਆਫ ਫਰਿਜਨੋ ਅਤੇ ਕਮਿਊਨਿਟੀ ਤੋਂ ਇਹ ਕਲੱਬ ਹਾਕੀ ਗਰਾਊਂਡ ਦੀ ਮੰਗ ਕਰ ਰਹੀ ਹੈ, ਅਤੇ ਆਸ ਹੈ ਕਿ ਜਲਦ ਇਹਨਾਂ ਦੀ ਇਸ ਮੰਗ ਨੂੰ ਬੂਰ ਪਵੇਗਾ। ਫਰਿਜਨੋ ਅਤੇ ਆਸ-ਪਾਸ ਦੇ 6 ਸਾਲ ਤੋਂ ਲੈਕੇ ਵੱਡੀ ਤੋਂ ਵੱਡੀ ਉਮਰ ਤੱਕ ਦੇ ਪਲੇਅਰ ਹਾਕੀ ਸਿੱਖਣ ਲਈ ਹਿੱਡ ਕੋਚ ਪਰਮਿੰਦਰ ਸਿੰਘ ਰਾਏ, ਕੋਚ ਸਿਮਰ, ਕੋਚ ਗਿੱਲ,ਕੋਚ ਰਵੀ, ਕੋਚ ਹਰਪ੍ਰੀਤ, ਕੋਚ ਜਗਦੀਪ ਬੱਲ ਆਦਿ ਨੂੰ ਸੰਪਰਕ ਕਰ ਸਕਦੇ ਹਨ।


cherry

Content Editor

Related News