ਹਿੰਦ ਮਹਾਸਾਗਰ ''ਚ ਮੱਛੀ ਫੜਨ ਵਾਲੀ ਕਿਸ਼ਤੀ ਡੁੱਬਣ ਕਾਰਨ 39 ਲੋਕ ਲਾਪਤਾ, ਚੀਨ ਨੇ ਮੰਗੀ ਅੰਤਰਰਾਸ਼ਟਰੀ ਮਦਦ
Wednesday, May 17, 2023 - 04:46 PM (IST)
ਬੀਜਿੰਗ (ਭਾਸ਼ਾ)- ਚੀਨ ਨੇ ਬੁੱਧਵਾਰ ਨੂੰ ਹਿੰਦ ਮਹਾਸਾਗਰ ਵਿਚ ਡੁੱਬੀ ਆਪਣੀ ਇਕ ਕਿਸ਼ਤੀ ਵਿਚ ਸਵਾਰ 39 ਲੋਕਾਂ ਨੂੰ ਬਚਾਉਣ ਲਈ ਕਈ ਦੇਸ਼ਾਂ ਤੋਂ ਮਦਦ ਮੰਗੀ ਹੈ। ਸਰਕਾਰੀ ਮੀਡੀਆ ਨੇ ਇਸ ਬਾਰੇ ਜਾਣਕਾਰੀ ਦਿੱਤੀ। ਖ਼ਬਰ ਵਿਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਹਿੰਦ ਮਹਾਸਾਗਰ ਦੇ ਮੱਧ ਹਿੱਸੇ ਵਿਚ ਡੁੱਬੀ ਮੱਛੀ ਫੜਨ ਵਾਲੀ ਚੀਨੀ ਕਿਸ਼ਤੀ ਵਿਚ 17 ਚੀਨੀ, 17 ਇੰਡੋਨੇਸ਼ੀਆਈ ਅਤੇ 5 ਫਿਲੀਪੀਨ ਦੇ ਲੋਕ ਸਵਾਰ ਸਨ। ਖ਼ਬਰ ਮੁਤਾਬਕ ਅਜੇ ਤੱਕ ਲਾਪਤਾ ਲੋਕਾਂ 'ਚੋਂ ਕਿਸੇ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਖੋਜ ਅਤੇ ਬਚਾਅ ਮੁਹਿੰਮ 'ਚ ਸਹਿਯੋਗ ਕਰਨ ਲਈ ਆਸਟ੍ਰੇਲੀਆ, ਸ਼੍ਰੀਲੰਕਾ, ਮਾਲਦੀਵ, ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਹੋਰ ਦੇਸ਼ਾਂ ਦੇ ਸਬੰਧਤ ਵਿਭਾਗਾਂ ਨਾਲ ਸੰਪਰਕ ਕੀਤਾ ਹੈ।
ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਸ਼ਤੀ ਹਾਦਸੇ ਵਿੱਚ ਲਾਪਤਾ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਹੁਕਮ ਦਿੱਤੇ ਹਨ। ਜਿਨਪਿੰਗ ਨੇ ਮੰਗਲਵਾਰ ਤੜਕੇ 3 ਵਜੇ ਵਾਪਰੀ। ਇਸ ਘਟਨਾ ਤੋਂ ਬਾਅਦ ਸਬੰਧਤ ਵਿਭਾਗਾਂ ਨੂੰ ਤੁਰੰਤ ਐਮਰਜੈਂਸੀ ਪ੍ਰਤੀਕਿਰਿਆ ਤੰਤਰ ਨੂੰ ਸਰਗਰਮ ਕਰਨ ਦੇ ਨਿਰਦੇਸ਼ ਦਿੱਤੇ। ਜਿਨਪਿੰਗ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਅਤੇ ਸਬੰਧਤ ਦੂਤਘਰਾਂ ਨੂੰ ਖੋਜ ਅਤੇ ਬਚਾਅ ਕਾਰਜਾਂ ਦੇ ਤਾਲਮੇਲ ਲਈ ਸਬੰਧਤ ਸਥਾਨਕ ਟੀਮਾਂ ਨਾਲ ਸੰਪਰਕ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।