ਉੱਤਰੀ ਵਜ਼ੀਰਿਸਤਾਨ ''ਚ ਅੱਤਵਾਦੀ ਹਮਲੇ ''ਚ 3 ਪਾਕਿਸਤਾਨੀ ਫ਼ੌਜੀ ਸ਼ਹੀਦ, 1 ਜ਼ਖ਼ਮੀ
Wednesday, Jul 07, 2021 - 12:12 PM (IST)
ਵਜ਼ੀਰਿਸਤਾਨ - ਉੱਤਰੀ ਵਜ਼ੀਰਿਸਤਾਨ ਦੇ ਕਬਾਇਲੀ ਜ਼ਿਲ੍ਹੇ ਵਿਚ ਸੋਮਵਾਰ ਸਵੇਰੇ ਇਕ ਚੈੱਕ ਪੋਸਟ ਉੱਤੇ ਹੋਏ ਅੱਤਵਾਦੀ ਹਮਲੇ ਵਿਚ 3 ਪਾਕਿਸਤਾਨੀ ਫ਼ੌਜੀ ਸ਼ਹੀਦ ਹੋ ਗਏ, ਜਦੋਂਕਿ 1 ਹੋਰ ਜ਼ਖ਼ਮੀ ਹੋ ਗਿਆ। ਡੋਨ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਅੱਤਵਾਦੀਆਂ ਨੇ ਅਫਗਾਨ ਸਰਹੱਦ ਨਾਲ ਲੱਗਦੇ ਹਸਨ ਖੇਲ ਖੇਤਰ ਵਿਚ ਬੇਜ਼ਾ ਚੈੱਕ ਪੋਸਟ ‘ਤੇ ਹਮਲਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਤੜਕੇ ਹੋਏ ਇਸ ਹਮਲੇ ਵਿਚ 3 ਫ਼ੌਜੀ ਮਾਰੇ ਗਏ ਅਤੇ ਇਕ ਹੋਰ ਸਿਪਾਹੀ ਜ਼ਖਮੀ ਹੋ ਗਿਆ, ਜਿਸ ਨੂੰ ਦਾਤੋਈ ਖੇਤਰ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਹਮਲੇ ਵਿਚ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ। ਅਫ਼ਗਾਨਿਸਤਾਨ ਵਿਚ ਸਰਹੱਦ ਪਾਰ ਸਰਕਾਰੀ ਫੋਰਸਾਂ ਵਿਰੁੱਧ ਤਾਲਿਬਾਨ ਦੇ ਹਮਲੇ ਤੇਜ਼ ਕਰਨ ਦੇ ਬਾਅਦ ਤੋਂ ਉੱਤਰੀ ਵਜ਼ੀਰਿਸਤਾਨ ਅਤੇ ਇਸ ਦੇ ਨਾਲ ਲੱਗਦੇ ਦੱਖਣੀ ਵਜ਼ੀਰਿਸਤਾਨ ਦੇ ਕਬਾਇਲੀ ਜ਼ਿਲ੍ਹਿਆਂ ਵਿਚ ਸੁਰੱਖਿਆ ਫੋਰਸਾਂ 'ਤੇ ਹਮਲੇ ਵਧ ਗਏ ਹਨ। ਪਿਛਲੇ ਹਫ਼ਤੇ, ਅਫਗਾਨਿਸਤਾਨ ਵੱਲੋਂ ਅੱਤਵਾਦੀਆਂ ਨੇ ਉੱਤਰੀ ਵਜ਼ੀਰਿਸਤਾਨ ਦੇ ਕਬਾਇਲੀ ਜ਼ਿਲ੍ਹੇ ਦੇ ਦਾਤੋਈ ਖੇਤਰ ਵਿਚ ਇੱਕ ਮਿਲਟਰੀ ਪੋਸਟ 'ਤੇ ਗੋਲੀਆਂ ਚਲਾਈਆਂ ਸਨ, ਜਿਸ ਵਿਚ 2 ਫ਼ੌਜੀ ਮਾਰੇ ਗਏ ਸਨ, ਜਦੋਂਕਿ 2 ਹੋਰ ਜ਼ਖ਼ਮੀ ਹੋ ਗਏ ਸਨ। ਅਫਗਾਨਿਸਤਾਨ ਨਾਲ ਲਗਦੀ 2,600 ਕਿਲੋਮੀਟਰ ਲੰਮੀ ਸਰਹੱਦ ਨੂੰ ਸਾਂਝਾ ਕਰਨ ਵਾਲੇ ਪਾਕਿਸਤਾਨ ਨੂੰ ਡਰ ਹੈ ਕਿ ਯੁੱਧ ਨਾਲ ਪ੍ਰਭਾਵਿਤ ਦੇਸ਼ ਵਿਚ ਹਿੰਸਾ ਤੇਜ਼ ਹੋਣ ਨਾਲ ਸ਼ਰਨਾਰਥੀਆਂ ਅਤੇ ਅੱਤਵਾਦੀਆਂ ਨੂੰ ਪਾਕਿਸਤਾਨ ਵਿਚ ਭੇਜਿਆ ਜਾ ਸਕਦਾ ਹੈ।