ਕੋਰੋਨਾਵਾਇਰਸ ਕਾਰਨ ਈਰਾਨ ਦੇ ਇਕ ਹੋਰ ਐੱਮ.ਪੀ. ਦੀ ਮੌਤ, ਕੁੱਲ ਮੌਤਾਂ ਹੋਈਆਂ 145
Saturday, Mar 07, 2020 - 08:40 PM (IST)
ਤਹਿਰਾਨ(ਏ.ਐੱਫ.ਪੀ.)– ਈਰਾਨ ਵਿਚ ਕੋਰੋਨਾ ਵਾਇਰਸ ਕਾਰਣ ਇਕ ਹੋਰ ਸੰਸਦ ਮੈਂਬਰ ਫਤੇਮਹ ਰਹਿਬਰ (55) ਦੀ ਸ਼ਨੀਵਾਰ ਮੌਤ ਹੋ ਗਈ। ਦੇਸ਼ ਦੀ ਸਰਕਾਰੀ ਖਬਰ ਏਜੰਸੀ ‘ਇਰਨਾ’ ਮੁਤਾਬਕ ਰਹਿਬਰ ਕੁਝ ਸਮਾਂ ਪਹਿਲਾਂ ਹੀ ਤਹਿਰਾਨ ਤੋਂ ਦੇਸ਼ ਦੀ ਸੰਸਦ ਲਈ ਚੁਣੇ ਗਏ ਸਨ। ਕੋਰੋਨਾ ਵਾਇਰਸ ਕਾਰਣ ਈਰਾਨ ਵਿਚ ਹੁਣ ਤੱਕ ਕੁਲ 145 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 21 ਵਿਅਕਤੀਆਂ ਦੀ ਮੌਤ ਤਾਂ ਪਿਛਲੇ 24 ਘੰਟਿਆਂ ਦੌਰਾਨ ਹੀ ਹੋਈ ਹੈ। ਦੇਸ਼ ਦੇ 7 ਚੋਟੀ ਦੇ ਆਗੂਆਂ ਅਤੇ ਅਧਿਕਾਰੀਆਂ ਦੀ ਜਾਨ ਵੀ ਕੋਰੋਨਾ ਵਾਇਰਸ ਨੇ ਲਈ ਹੈ। ਈਰਾਨ ਵਿਚ ਪਿਛਲੇ 24 ਘੰਟਿਆਂ ਦੌਰਾਨ 1076 ਨਵੇਂ ਮਾਮਲੇ ਸਾਹਮਣੇ ਆਏ। ਦੇਸ਼ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 5823 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਹੁਣ ਤੱਕ ਦੁਨੀਆ ਭਰ ਦੇ 94 ਦੇਸ਼ਾਂ ਤੱਕ ਆਪਣੇ ਪੈਰ ਪਸਾਰ ਚੁੱਕਿਆ ਹੈ ਤੇ ਇਹਨਾਂ ਖੇਤਰਾਂ ਵਿਚ ਸ਼ਨੀਵਾਰ ਤੱਕ ਇਨਫੈਕਟ ਲੋਕਾਂ ਦੀ ਗਿਣਤੀ ਵਧ ਕੇ 1,03,064 ਹੋ ਗਈ ਹੈ, ਜਿਹਨਾਂ ਵਿਚ 3512 ਮ੍ਰਿਤਕ ਵੀ ਸ਼ਾਮਲ ਹਨ। ਹਾਂਗਕਾਂਗ ਤੇ ਮਕਾਓ ਖੇਤਰਾਂ ਨੂੰ ਛੱਡ ਕੇ ਚੀਨ ਵਿਚ ਇਸ ਵਾਇਰਸ ਦੇ ਕਾਰਨ ਕੁੱਲ 3070 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਸ ਦੇ ਇਨਫੈਕਸ਼ਨ ਦੇ ਕੁੱਲ 80,651 ਮਾਮਲੇ ਸਾਹਮਣੇ ਆਏ ਹਨ।