ਪਹਿਲੀ ਪਤਨੀ ਤੋਂ ਇਜਾਜ਼ਤ ਲਏ ਬਿਨਾਂ ਦੂਜਾ ਵਿਆਹ ਕਰਨ ''ਤੇ ਸਜ਼ਾ ਤੇ ਜੁਰਮਾਨਾ

Saturday, Sep 28, 2019 - 08:05 PM (IST)

ਪਹਿਲੀ ਪਤਨੀ ਤੋਂ ਇਜਾਜ਼ਤ ਲਏ ਬਿਨਾਂ ਦੂਜਾ ਵਿਆਹ ਕਰਨ ''ਤੇ ਸਜ਼ਾ ਤੇ ਜੁਰਮਾਨਾ

ਲਾਹੌਰ (ਭਾਸ਼ਾ)- ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਇਕ ਵਿਅਕਤੀ ਨੂੰ ਆਪਣੀ ਪਹਿਲੀ ਪਤਨੀ ਦੀ ਇਜਾਜ਼ਤ ਲਏ ਬਿਨਾਂ ਚੋਰੀ-ਚੋਰੀ ਦੂਜਾ ਨਿਕਾਹ ਕਰਨ 'ਤੇ ਤਿੰਨ ਮਹੀਨੇ ਦੀ ਸਜ਼ਾ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਲਾਹੌਰ ਦੇ ਨਿਆਇਕ ਮੈਜਿਸਟ੍ਰੇਟ ਹਸਨ ਦਿਲਬਰ ਨੇ ਮੁਸਲਿਮ ਪਰਿਵਾਰ ਕਾਨੂੰਨ ਆਰਡੀਨੈਂਸ 1961 ਦੀ ਉਲੰਘਣਾ ਕਰਨ ਲਈ ਮੁਹੰਮਦ ਸਲੀਮ ਨੂੰ ਇਹ ਸਜ਼ਾ ਸੁਣਾਈ। ਉਸ 'ਤੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸਲੀਮ ਦੀ ਪਤਨੀ ਸ਼ੁਮੈਲਾ ਨੇ ਨਿਆਇਕ ਮੈਜਿਸਟ੍ਰੇਟ ਦੀ ਅਦਾਲਤ ਵਿਚ ਆਪਣੇ ਪਤੀ ਖਿਲਾਫ ਇਕ ਨਿੱਜੀ ਪਟੀਸ਼ਨ ਦਾਇਰ ਕੀਤੀ ਸੀ। ਸ਼ੁਮੈਲਾ ਦਾ ਵਿਆਹ ਸਲੀਮ ਨਾਲ ਤਕਰੀਬਨ ਚਾਰ ਸਾਲ ਪਹਿਲਾਂ ਹੋਇਆ ਸੀ ਅਤੇ ਦੋਹਾਂ ਵਿਚਾਲੇ ਚੰਗੇ ਸਬੰਧ ਸਨ।

ਸ਼ੁਮੈਲਾ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਮੇਰੇ ਪਤੀ ਨੇ ਉਰੂਜ਼ ਸਫਦਰ ਦੇ ਨਾਲ ਦੋ ਸਾਲ ਪਹਿਲਾਂ ਚੋਰੀ-ਚੋਰੀ ਨਿਕਾਹ ਕਰ ਲਿਆ। ਉਨ੍ਹਾਂ ਨੇ ਦੂਜੇ ਨਿਕਾਹ ਲਈ ਮੇਰੀ ਇਜਾਜ਼ਤ ਨਹੀਂ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਤੀ ਨੂੰ ਮੁਸਲਿਮ ਪਰਿਵਾਰ ਕਾਨੂੰਨ ਦੇ ਤਹਿਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਕਾਨੂੰਨ ਦੇ ਤਹਿਤ ਕੋਈ ਪੁਰਸ਼ ਦੂਜਾ ਨਿਕਾਹ ਕਰਨ ਲਈ ਆਪਣੀ ਪਹਿਲੀ ਪਤਨੀ ਅਤੇ ਸਬੰਧਿਤ ਰਿਸ਼ਤੇਦਾਰ ਤੋਂ ਇਜਾਜ਼ਤ ਲੈਣ ਲਈ ਕਾਨੂੰਨੀ ਰੂਪ ਨਾਲ ਵਚਨਬੱਧ ਹੈ।

ਜੇਕਰ ਉਹ ਜੁਰਮਾਨਾ ਨਹੀਂ ਦੇ ਸਕਦਾ ਤਾਂ ਉਸ ਨੂੰ ਇਕ ਮਹੀਨਾ ਹੋਰ ਜੇਲ ਵਿਚ ਰਹਿਣਾ ਪਵੇਗਾ। ਦੋਸ਼ੀ ਨੂੰ ਲਾਹੌਰ ਤੋਂ 200 ਕਿਲੋਮੀਟਰ ਦੂਰ ਓਕਰਾ ਕੇਂਦਰੀ ਜੇਲ ਵਿਚ ਭੇਜ ਦਿੱਤਾ ਗਿਆ ਹੈ। ਸ਼ੁਮੈਲਾ ਹਾਲਾਂਕਿ ਉਨ੍ਹਾਂ ਦੇ ਪਤੀ ਨੂੰ ਮਿਲੀ ਸਜ਼ਾ ਤੋਂ ਸੰਤੁਸ਼ਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅਪਰਾਧ ਲਈ ਮੇਰੇ ਪਤੀ ਨੂੰ ਹੋਰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਲੀਮ ਨੇ ਨਾ ਸਿਰਫ ਦੁਬਾਰਾ ਵਿਆਹ ਕਰਨ ਦਾ ਅਪਰਾਧ ਕੀਤਾ ਹੈ, ਸਗੋਂ ਇਸ ਗੱਲ ਨੂੰ ਵੀ ਲੁਕਾ ਕੇ ਉਨ੍ਹਾਂ ਨੂੰ ਦੋ ਸਾਲ ਤੱਕ ਧੋਖਾ ਦਿੱਤਾ। ਲਾਹੌਰ ਵਿਚ ਪਿਛਲੇ ਮਹੀਨੇ ਅਜਿਹੇ ਹੀ ਇਕ ਮਾਮਲੇ ਵਿਚ ਨਿਆਇਕ ਮੈਜਿਸਟ੍ਰੇਟ ਨੇ ਇਕ ਵਿਅਕਤੀ ਨੂੰ 11 ਮਹੀਨੇ ਦੀ ਸਜ਼ਾ ਸੁਣਾਈ ਸੀ।


author

Sunny Mehra

Content Editor

Related News