ਮਲੇਸ਼ੀਆ ਦੇ ਟਾਪੂ ''ਤੇ 26 ਰੋਹਿੰਗੀਆ ਮੁਸਲਮਾਨ ਮਿਲੇ, ਡੁੱਬ ਜਾਣ ਦਾ ਸੀ ਖਦਸ਼ਾ

07/28/2020 3:35:20 PM

ਕੁਆਲਾਲੰਪੁਰ- ਮਲੇਸ਼ੀਆ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪੂਰਬੀ ਟਾਪੂ 'ਤੇ ਲੁਕੇ 26 ਰੋਹਿੰਗੀਆ ਮੁਸਲਮਾਨ ਮਿਲੇ ਹਨ, ਜਿਨ੍ਹਾਂ ਦੇ ਮਛੇਰਿਆਂ ਦੀ ਕਿਸ਼ਤੀ ਵਿਚੋਂ ਛਾਲ ਮਾਰਨ ਮਗਰੋਂ ਡੁੱਬ ਜਾਣ ਦਾ ਖਦਸ਼ਾ ਸੀ। ਇਨ੍ਹਾਂ ਲੋਕਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। 
ਮਲੇਸ਼ੀਆ ਮੈਰੀਟਾਈਮ ਪਰਿਵਰਤਨ ਏਜੰਸੀ ਨੇ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ ਚਲਾਈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਇਕ ਰੋਹਿੰਗੀਆ ਪ੍ਰਵਾਸੀ ਲੈਂਗਕਾਵੀ ਟਾਪੂ 'ਤੇ ਮਿਲਿਆ ਸੀ ਅਤੇ ਉਸ ਨੇ ਜਾਂਚ ਕਰਤਾਵਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਘੱਟ ਤੋਂ ਘੱਟ 24 ਹੋਰ ਰੋਹਿੰਗੀਆ ਲਾਪਤਾ ਹਨ। 

ਏਜੰਸੀ ਦੇ ਉੱਚ ਅਧਿਕਾਰੀ ਜਾਵਾਵੀ ਅਬਦੁੱਲਾ ਨੇ ਦੱਸਿਆ ਕਿ ਪੜਤਾਲ ਮਗਰੋਂ ਮੁਹਿੰਮ ਦੌਰਾਨ 26 ਰੋਹਿੰਗੀਆ ਉੱਥੋਂ ਮਿਲੇ। ਇਹ ਲੋਕ ਟਾਪੂ 'ਤੇ ਲੁਕੇ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਸਮੂਹ ਵਿਚ 12 ਪੁਰਸ਼, 10 ਬੀਬੀਆਂ ਅਤੇ 4 ਬੱਚੇ ਹਨ। ਅਜਿਹਾ ਲੱਗਦਾ ਹੈ ਕਿ ਸਥਾਨਕ ਮਛੇਰਿਆਂ ਨੇ ਉਨ੍ਹਾਂ ਨੂੰ ਪਹੁੰਚਾਇਆ ਹੈ। ਅਬਦੁੱਲਾ ਨੇ ਇਕ ਬਿਆਨ ਵਿਚ ਕਿਹਾ ਕਿ ਪੁੱਛ-ਪੜਤਾਲ ਲਈ ਸਾਰਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਬਾਅਦ ਵਿਚ ਉਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਿਚਕਾਰ ਦੋ ਹੋਰ ਰੋਹਿੰਗੀਆ ਪ੍ਰਵਾਸੀਆਂ ਨੂੰ ਮਨੁੱਖੀ ਤਸਕਰੀ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ। 


Lalita Mam

Content Editor

Related News