ਅਫਗਾਨਿਸਤਾਨ ''ਚ ਇੱਕ ਮਹੀਨੇ ''ਚ 250 ਆਈਐਸ ਅੱਤਵਾਦੀ ਗ੍ਰਿਫ਼ਤਾਰ

Thursday, Oct 21, 2021 - 01:19 PM (IST)

ਅਫਗਾਨਿਸਤਾਨ ''ਚ ਇੱਕ ਮਹੀਨੇ ''ਚ 250 ਆਈਐਸ ਅੱਤਵਾਦੀ ਗ੍ਰਿਫ਼ਤਾਰ

ਕਾਬੁਲ (ਏਜੰਸੀ): ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਦੇਸ਼ ਵਿੱਚ 250 ਇਸਲਾਮਿਕ ਸਟੇਟ (ਆਈਐਸ) ਦੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਟੋਲੋ ਨਿਊਜ਼ ਨੇ ਬੁੱਧਵਾਰ ਸ਼ਾਮ ਨੂੰ ਤਾਲਿਬਾਨ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ,"ਆਈਐਸ ਨਾਲ ਜੁੜੇ ਘੱਟੋ-ਘੱਟ 250 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਉਹ ਲੋਕ ਸਨ ਜੋ ਜੇਲ੍ਹਾਂ ਵਿੱਚੋਂ ਭੱਜ ਗਏ ਸਨ।"

ਅਧਿਕਾਰੀ ਨੇ ਅੱਗੇ ਕਿਹਾ,"ਉਨ੍ਹਾਂ ਦੀਆਂ ਯੋਜਨਾਵਾਂ ਕੁਝ ਧਮਾਕੇ ਕਰਨ ਦੀਆਂ ਸਨ ਪਰ ਯੋਜਨਾਵਾਂ ਅਸਫਲ ਰਹੀਆਂ ਅਤੇ ਉਨ੍ਹਾਂ ਦੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ।"ਇਹ ਘਟਨਾਕ੍ਰਮ ਉਸ ਸਮੇਂ ਹੋਇਆ ਹੈ ਜਦੋਂ ਅੱਤਵਾਦੀ ਸਮੂਹ ਦੀ ਖੁਰਾਸਾਨ ਸ਼ਾਖਾ (IS-K) ਨੇ ਕੁੰਦੁਜ਼ ਅਤੇ ਕੰਧਾਰ ਸੂਬੇ ਵਿੱਚ ਦੋ ਸ਼ੀਆ ਮਸਜਿਦਾਂ ਵਿੱਚ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ।15 ਅਕਤੂਬਰ ਨੂੰ ਕੰਧਾਰ ਸ਼ਹਿਰ ਦੀ ਮਸਜਿਦ ਵਿੱਚ ਹੋਏ ਹਮਲੇ ਵਿੱਚ 63 ਲੋਕ ਮਾਰੇ ਗਏ ਸਨ, ਜਦੋਂ ਕਿ ਕੁੰਦੁਜ਼ ਵਿੱਚ ਹੋਏ ਬੰਬ ਧਮਾਕਿਆਂ ਵਿੱਚ ਘੱਟੋ ਘੱਟ 50 ਲੋਕਾਂ ਦੀ ਜਾਨ ਗਈ ਸੀ।ਦੋਹਾਂ ਹਮਲਿਆਂ ਵਿੱਚ ਸੈਂਕੜੇ ਲੋਕ ਜ਼ਖਮੀ ਵੀ ਹੋਏ।

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੀਆਂ ਸਿੱਖਿਆ ਨੀਤੀਆਂ ਕਾਰਨ ਅਫਗਾਨ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ

16 ਅਕਤੂਬਰ ਨੂੰ ਆਈਐਸ ਨੇ ਘੋਸ਼ਣਾ ਕੀਤੀ ਕਿ ਉਹ ਸ਼ੀਆ ਮੁਸਲਮਾਨਾਂ ਦੇ ਉਨ੍ਹਾਂ ਦੇ ਘਰਾਂ ਅਤੇ ਕੇਂਦਰਾਂ ਵਿੱਚ ਹਰ ਜਗ੍ਹਾ ਹਮਲਾ ਕਰਨਗੇ। ਅਫਗਾਨਿਸਤਾਨ 'ਤੇ ਕਾਬਜ਼ ਹੋਣ ਤੋਂ ਬਾਅਦ ਆਈਐਸ-ਕੇ ਤਾਲਿਬਾਨ ਸਰਕਾਰ ਲਈ ਸਭ ਤੋਂ ਵੱਡਾ ਖਤਰਾ ਬਣ ਕੇ ਉੱਭਰ ਰਿਹਾ ਹੈ।ਪਿਛਲੇ ਹਫ਼ਤੇ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਰਾਕ ਅਤੇ ਸੀਰੀਆ ਤੋਂ ਅਫਗਾਨਿਸਤਾਨ ਵਿੱਚ ਦਾਖਲ ਹੋਣ ਵਾਲੇ ਆਈਐਸ ਦੇ ਲੜਾਕਿਆਂ ਬਾਰੇ ਚੇਤਾਵਨੀ ਦਿੱਤੀ ਸੀ ਅਤੇ ਕਿਹਾ ਸੀ ਕਿ ਇਸ ਸਮੇਂ ਯੁੱਧਗ੍ਰਸਤ ਦੇਸ਼ ਦੇ ਉੱਤਰ ਵਿੱਚ 2,000 ਤੋਂ ਵੱਧ ਸਹਿਯੋਗੀ ਹਨ।


author

Vandana

Content Editor

Related News