ਸਾਲ 2022 ਪੰਜਵਾਂ ਸਭ ਤੋਂ ਗਰਮ ਸਾਲ ਕੀਤਾ ਗਿਆ ਦਰਜ : ਨਾਸਾ

Wednesday, Jan 18, 2023 - 11:28 AM (IST)

ਸਾਲ 2022 ਪੰਜਵਾਂ ਸਭ ਤੋਂ ਗਰਮ ਸਾਲ ਕੀਤਾ ਗਿਆ ਦਰਜ : ਨਾਸਾ

ਵਾਸ਼ਿੰਗਟਨ (ਭਾਸ਼ਾ)- ਧਰਤੀ ਦੀ ਸਤ੍ਹਾ ਦਾ ਔਸਤ ਤਾਪਮਾਨ ਸਾਲ 2022 ਵਿਚ ਸਾਲ 2015 ਦੇ ਤਾਪਮਾਨ ਦੇ ਬਰਾਬਰ ਹੋ ਗਿਆ। ਸਾਲ 2022 ਨੂੰ ਹੁਣ ਤੱਕ ਦੇ 5ਵੇਂ ਸਭ ਤੋਂ ਗਰਮ ਸਾਲ ਦੇ ਰੂਪ ਵਿਚ ਦਰਜ ਕੀਤਾ ਗਿਆ ਹੈ। ਇਹ ਦਾਅਵਾ ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦੇ ਇਕ ਵਿਸ਼ਲੇਸ਼ਕ ਨੇ ਕੀਤਾ ਹੈ। ਧਰਤੀ ਦੀ ਲੰਬੀ ਗਰਮੀ ਵਿਚ ਵਾਧੇ ਦਾ ਰੁਖ ਜਾਰੀ ਰਹਿਣ ਦਰਮਿਆਨ ਸਾਲ 2022 ਵਿਚ ਗਲੋਬਲ ਵਾਰਮਿੰਗ 1.6 ਡਿਗਰੀ ਫਾਰੇਨਹਾਈਟ ਜਾਂ 0.89 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਨਾਸਾ ਦੀ ਆਧਾਰ ਮਿਆਦ (1951 ਤੋਂ 1980) ਦੀ ਔਸਤ ਗਰਮੀ ਤੋਂ ਜ਼ਿਆਦਾ ਹੈ। ਨਾਸਾ ਦੇ ਨਿਊਯਾਰਕ ਸਥਿਤ ਗੋਡਾਰਡ ਇੰਸਟੀਚਿਊਟ ਫਾਰ ਸਪੇਸ ਸਟੱਡੀਜ ਦੇ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ। 

ਨਾਸਾ ਦੇ ਪ੍ਰਸ਼ਾਸਕ ਬਿਨ ਨੈਲਸਨ ਨੇ ਕਿਹਾ ਕਿ ਗਰਮੀ ਵਿਚ ਵਾਧੇ ਦਾ ਇਹ ਰੁਖ ਇਕ ਚਿਤਾਵਨੀ ਹੈ। ਨੈਲਸਨ ਨੇ ਕਿਹਾ ਕਿ ਸਾਡੀ ਗਰਮ ਹੁੰਦੀ ਜਲਵਾਯੂ ਪਹਿਲਾਂ ਤੋਂ ਖ਼ਤਰਨਾਕ ਪੱਧਰ ’ਤੇ ਪਹੁੰਚ ਚੁੱਕੀ ਹੈ। ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਗਈਆਂ ਹਨ, ਸਮੁੰਦਰੀ ਤੂਫਾਨ ਹੋਰ ਜ਼ਿਆਦਾ ਤਾਕਤਵਰ ਹੋ ਗਏ ਹਨ, ਸੋਕੇ ਨਾਲ ਤਬਾਹੀ ਅਤੇ ਸਮੁੰਦਰ ਵਿਚ ਪਾਣੀ ਦਾ ਪੱਧਰ ਵੀ ਵੱਧ ਰਿਹਾ ਹੈ। ਨਾਸਾ ਸਾਡੀ ਵਚਨਬੱਧਤਾ ਨੂੰ ਹੋਰ ਡੂੰਘਾ ਕਰ ਰਿਹਾ ਹੈ ਤਾਂ ਜੋ ਅਸੀਂ ਜਲਵਾਯੂ ਤਬਦੀਲੀ ’ਤੇ ਰੋਕ ਲਗਾਉਣ ਵਿਚ ਆਪਣਾ ਯੋਗਦਾਨ ਦੇ ਸਕੀਏ। ਸਾਲ 1880 ਵਿਚ ਆਧੁਨਿਕ ਰਿਕਾਰਡ ਦਰਜ ਕਰਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਦੇ ਸਾਲਾਂ ਵਿਚ ਪਿਛਲੇ 9 ਸਾਲ ਸਭ ਤੋਂ ਜ਼ਿਆਦਾ ਗਰਮ ਸਾਲ ਰਹੇ। ਅਧਿਐਨ ਮੁਤਾਬਕ ਇਸਦਾ ਮਤਲਬ ਹੈ ਕਿ ਧਰਤੀ ਦਾ ਤਾਪਮਾਨ ਸਾਲ 2022 ਵਿਚ 19ਵੀਂ ਸਦੀ ਦੇ ਅਖ਼ੀਰਲੇ ਔਸਤ ਤਾਪਮਾਨ ਦੇ ਮੁਕਾਬਲੇ ਲਗਭਗ 2 ਡਿਗਰੀ ਫਾਰੇਨਹਾਈਟ ਜਾਂ 1.11 ਡਿਗਰੀ ਸੈਲਸੀਅਸ ਜ਼ਿਆਦਾ ਰਿਹਾ। ਜੀ. ਆਈ. ਐੱਸ. ਐੱਸ. ਦੇ ਡਾਇਰੈਕਟਰ ਗੇਵਿਨ ਸ਼ਿਮਟ ਨੇ ਕਿਹਾ ਕਿ ਗਰਮੀ ਵਿਚ ਵਾਧੇ ਦੇ ਰੁਖ ਦਾ ਕਾਰਨ ਮਨੁੱਖੀ ਸਰਗਰਮੀਆਂ ਹਨ, ਜਿਸਦੇ ਕਾਰਨ ਵੱਡੀ ਮਾਤਰਾ ਵਿਚ ਗ੍ਰੀਨ ਹਾਊਸ ਗੈਸਾਂ ਦਾ ਵਾਯੁਮੰਡਲ ਵਿਚ ਪਹੁੰਚਣਾ ਜਾਰੀ ਹੈ।


author

cherry

Content Editor

Related News