ਇਟਲੀ ''ਚ 2 ਸਕੇ ਪੰਜਾਬੀ ਭਰਾਵਾਂ ਨੂੰ ਲੱਖਾਂ ਯੂਰੋ ਸਣੇ 10-10 ਸਾਲ ਦੀ ਸਜ਼ਾ, ਸੰਗਰੂਰ ਦੇ ਨੌਜਵਾਨ ਦਾ ਕੀਤਾ ਸੀ ਕਤਲ

04/01/2023 12:48:53 AM

ਰੋਮ (ਦਲਵੀਰ ਕੈਂਥ) : ਇਟਲੀ ਦੇ ਲੰਬਾਰਦੀਆ ਸੂਬੇ ਦੇ ਸੁਜ਼ਾਰਾ (ਮਾਨਤੋਵਾ) ਨੇੜੇ 7 ਫਰਵਰੀ 2022 ਨੂੰ ਮੈਟਲ ਵਰਕਿੰਗ ਕੰਪਨੀ ਕਵਾਟਰੋ ਬੀ 'ਚ ਵਾਪਰੀ ਰੌਂਗਟੇ ਖੜ੍ਹੇ ਕਰਦੀ ਘਟਨਾ, ਜਿਸ ਵਿੱਚ 2 ਪ੍ਰਵਾਸੀ ਪੰਜਾਬੀ ਭਾਰਤੀਆਂ ਦੀ ਇਕ ਭਾਰਤੀ ਮੂਲ ਦੇ ਪੰਜਾਬੀ ਨਾਲ ਬਹਿਸ ਛਿੜ ਗਈ। ਇਹ ਬਹਿਸ ਇਸ ਹੱਦ ਤੱਕ ਵਧ ਗਈ ਕਿ ਇਨ੍ਹਾਂ ਪੰਜਾਬੀ ਕਾਮਿਆਂ ਚਰਨਜੀਤ ਸਿੰਘ (43) ਤੇ ਪਰਮਜੀਤ ਸਿੰਘ (42) ਜੋ ਆਪਸ ਵਿੱਚ ਸਕੇ ਭਰਾ ਹਨ, ਨੇ ਭਾਰਤੀ ਮੂਲ ਦੇ ਪੰਜਾਬੀ ਰਣਜੀਤ ਬੈਂਸ (38) ਨਾਂ ਦੇ ਨੌਜਵਾਨ ਦੀ ਧੌਣ 'ਤੇ ਬੇਲਚੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਫੈਕਟਰੀ 'ਚ ਮੌਜੂਦ ਲੋਕਾਂ ਨੇ ਮੌਕੇ 'ਤੇ ਤੁਰੰਤ ਸਥਾਨਕ ਪੁਲਸ (ਕਾਰਾਬਨੇਰੀ) ਨੂੰ ਸੂਚਿਤ ਕੀਤਾ। ਪੁਲਸ ਨੇ ਕੁਝ ਹੀ ਮਿੰਟਾਂ 'ਚ ਘਟਨਾ ਸਥਾਨ 'ਤੇ ਪਹੁੰਚ ਕੇ ਏਅਰ ਐਂਬੂਲੈਂਸ ਦੀ ਸਹਾਇਤਾ ਨਾਲ ਗੰਭੀਰ ਜ਼ਖ਼ਮੀ ਰਣਜੀਤ ਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਜੱਦੋ-ਜਹਿਦ ਦੌਰਾਨ ਹੀ ਉਹ ਦਮ ਤੋੜ ਗਿਆ। ਪੁਲਸ ਨੇ ਕਤਲ ਦੇ ਮੁੱਖ ਦੋਸ਼ੀ ਦੋਵਾਂ ਭਰਾਵਾਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਹੁਣ ਇਹ ਦੋਸ਼ੀ ਜ਼ਮਾਨਤ 'ਤੇ ਹਨ।

ਇਹ ਵੀ ਪੜ੍ਹੋ : ਐਮਸਟਰਡਮ ਨੇ ਸ਼ਹਿਰ ਦੀ ਯਾਤਰਾ ਕਰਨ ਵਾਲੇ ਨੌਜਵਾਨ ਬ੍ਰਿਟਿਸ਼ਾਂ ਨੂੰ 'ਦੂਰ ਰਹਿਣ' ਲਈ ਕਹੀ ਇਹ ਗੱਲ

ਇਟਾਲੀਅਨ ਮੀਡੀਆ ਅਨੁਸਾਰ ਇਸ ਦਰਦਨਾਕ ਘਟਨਾ ਸਬੰਧੀ ਬੀਤੇ ਦਿਨ ਇਟਲੀ ਦੀ ਸਥਾਨਕ ਅਦਾਲਤ ਰਿਜੋਇਮਿਲੀਆ ਦੇ ਜੱਜ ਡਾਰੀਓ ਡੀ ਲੁਕਾ ਨੇ ਇਸ ਕਤਲੇਆਮ ਲਈ ਦੋਵਾਂ ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਉਂਦਿਆਂ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ 40,000 ਯੂਰੋ ਮੁਆਵਜ਼ਾ ਵੀ ਦੇਣ ਦਾ ਫ਼ੈਸਲਾ ਸੁਣਾਇਆ। ਇਸ ਸਜ਼ਾ ਨੂੰ ਮ੍ਰਿਤਕ ਦੇ ਪਰਿਵਾਰ ਸਮੇਤ ਇਟਾਲੀਅਨ ਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਘੱਟ ਦੱਸਿਆ ਹੈ ਤੇ ਉਹ ਮਾਣਯੋਗ ਅਦਾਲਤ ਦੇ ਇਸ ਫ਼ੈਸਲੇ ਤੋਂ ਨਾਖੁਸ਼ ਹਨ। ਜੱਜ ਸਾਹਿਬ ਦਾ ਇਹ ਫ਼ੈਸਲਾ 30 ਦਿਨ ਦੇ ਅੰਦਰ ਲਾਗੂ ਹੁੰਦਾ ਹੈ, ਜਦੋਂ ਕਿ ਦੋਸ਼ੀ ਐਲਾਨੇ ਸਕੇ ਭਰਾ ਇਸ ਫ਼ੈਸਲੇ ਵਿਰੁੱਧ ਉੱਚ ਅਦਾਲਤ ਵਿੱਚ ਅਪੀਲ ਕਰ ਸਕਦੇ ਹਨ।

ਇਹ ਵੀ ਪੜ੍ਹੋ : ਮਾਸਕੋ 'ਚ ਅਮਰੀਕੀ ਰਿਪੋਰਟਰ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਬਾਈਡੇਨ ਦਾ ਰੂਸ ਨੂੰ ਸੰਦੇਸ਼

ਜ਼ਿਕਰਯੋਗ ਹੈ ਕਿ ਮ੍ਰਿਤਕ ਰਣਜੀਤ ਬੈਂਸ ਤਕਰੀਬਨ ਪਿਛਲੇ 22 ਸਾਲ ਤੋਂ ਆਪਣੇ ਪਰਿਵਾਰ ਸਮੇਤ ਇਟਲੀ ਵਿੱਚ ਰਹਿ ਰਿਹਾ ਸੀ ਅਤੇ ਉਸ ਕੋਲ ਇਟਾਲੀਅਨ ਨਾਗਰਿਕਤਾ ਸੀ। ਉਹ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਨਾਲ ਸਬੰਧਿਤ ਸੀ। ਉਹ ਇਟਲੀ ਵਿੱਚ ਆਪਣੀ ਪਤਨੀ ਤੇ 2 ਬੇਟੇ (4 ਤੇ 8 ਸਾਲ) ਨੂੰ ਵਿਛੋੜਾ ਦੇ ਗਿਆ। ਇਸ ਘਟਨਾ ਕਾਰਨ ਭਾਰਤੀ ਭਾਈਚਾਰੇ ਵੱਲੋਂ ਭਾਰੀ ਨਮੋਸ਼ੀ ਅਤੇ ਗਮਗੀਨ ਮਾਹੌਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰਹੂਮ ਦੇ ਪਿਤਾ ਰਾਮ ਲਾਲ ਨੇ ਪ੍ਰੈੱਸ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਤੋਂ ਨਾਖੁਸ਼ ਹੈ ਕਿਉਂਕਿ ਦੋਸ਼ੀ ਜ਼ਮਾਨਤ 'ਤੇ ਪਹਿਲਾਂ ਹੀ ਜੇਲ੍ਹ 'ਚੋਂ ਬਾਹਰ ਹਨ ਤੇ ਹੁਣ ਵੀ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਪੂਰਾ ਇਨਸਾਫ਼ ਮਿਲੇਗਾ, ਹੋ ਸਕਦਾ ਹੈ ਕਿ ਦੋਸ਼ੀ ਉੱਚ ਅਦਾਲਤ ਵਿੱਚ ਅਪੀਲ ਕਰਕੇ ਸਜ਼ਾ ਤੇ ਹਰਜਾਨੇ ਤੋਂ ਵੀ ਮੁਕਤ ਹੋ ਜਾਣ, ਜਿਹੜਾ ਕਿ ਉਨ੍ਹਾਂ ਲਈ ਬਹੁਤ ਹੀ ਦੁੱਖਦਾਇਕ ਤੇ ਅਸਹਿ ਹੋਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News