ਬਜ਼ੁਰਗਾਂ ਦੇ ਭੇਸ ''ਚ ਗਹਿਣਿਆਂ ਦੀ ਦੁਕਾਨ ਲੁੱਟਣ ਵਾਲੇ 2 ਭਰਾਵਾਂ ਨੂੰ 31 ਸਾਲ ਦੀ ਕੈਦ
Friday, Feb 17, 2023 - 12:47 AM (IST)
ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਬਜ਼ੁਰਗਾਂ ਵਰਗਾ ਭੇਸ ਬਣਾ ਕੇ ਗਹਿਣਿਆਂ ਦੀ ਦੁਕਾਨ ਲੁੱਟਣ ਵਾਲੇ ਉੱਤਰੀ ਲੰਡਨ ਦੇ 2 ਭਰਾਵਾਂ ਨੂੰ ਕੁਲ ਮਿਲਾ ਕੇ 31 ਸਾਲ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਜਾਂਚ ਦੌਰਾਨ ਉਨ੍ਹਾਂ ਦੇ ਡੀਐੱਨਏ ਲੇਟੈਕਸ ਫੇਸ ਮਾਸਕ ਵਿੱਚ ਪਾਏ ਗਏ ਸਨ, ਜੋ ਉਨ੍ਹਾਂ ਨੇ ਲੁੱਟ ਦੀ ਵਾਰਦਾਤ ਦੌਰਾਨ ਪਹਿਨੇ ਹੋਏ ਸਨ। ਦੋਵੇਂ ਭਰਾ ਬਜ਼ੁਰਗਾਂ ਵਰਗਾ ਮੇਕਅੱਪ ਕਰਕੇ 27 ਸਤੰਬਰ 2021 ਨੂੰ ਸਵੇਰੇ 11.30 ਵਜੇ ਤੋਂ ਠੀਕ ਪਹਿਲਾਂ ਲੰਡਨ ਦੇ ਪੂਰਬ ਵਿੱਚ ਏਪਿੰਗ ਹਾਈ ਸਟ੍ਰੀਟ ਵਿੱਚ ਗਹਿਣਿਆਂ ਦੀ ਦੁਕਾਨ 'ਤੇ ਪਹੁੰਚੇ ਸਨ।
ਇਹ ਵੀ ਪੜ੍ਹੋ : ਅਮਰੀਕਾ 'ਚ ਪਹਿਲੀ ਵਾਰ ਭਾਰਤੀ ਮੂਲ ਦੀ ਸਿੱਖ ਔਰਤ ਬਣੀ ਜੱਜ, ਜਾਣੋ ਕੌਣ ਹੈ ਮਨਪ੍ਰੀਤ ਮੋਨਿਕਾ ਸਿੰਘ?
ਡੇਵੀ ਸਟਰੀਟ, ਇਸਲਿੰਗਟਨ ਦੇ ਵਸਨੀਕ ਇਸ ਜੋੜੇ ਨੇ ਬਜ਼ੁਰਗਾਂ ਵਰਗੇ ਦਿਸਣ ਲਈ ਪੂਰੇ ਚਿਹਰੇ ਵਾਲੇ ਲੇਟੈਕਸ ਮਾਸਕ ਪਹਿਨੇ ਹੋਏ ਸਨ। ਮਾਸਕ ਕਰਕੇ ਅਤੇ ਉਨ੍ਹਾਂ ਦੇ ਤੁਰਨ-ਫਿਰਨ ਦੇ ਅੰਦਾਜ਼ ਕਾਰਨ ਉਹ ਸਚਮੁੱਚ ਬਜ਼ੁਰਗ ਲੱਗ ਰਹੇ ਸਨ। ਸਟਾਫ ਨਾਲ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਅੰਦਰ ਜਾਣ ਵਿੱਚ ਕਾਮਯਾਬ ਹੋ ਗਏ ਸਨ। ਅੰਦਰ ਜਾਣ ਤੋਂ ਬਾਅਦ ਉਹ ਇਕ ਸਟਾਫ ਮੈਂਬਰ ਨੂੰ ਦਫ਼ਤਰ ਲੈ ਗਏ, ਜਿੱਥੇ ਉਨ੍ਹਾਂ ਨੇ ਉਨ੍ਹਾਂ ਦੇ ਗੁੱਟ ਤੋਂ ਇਕ ਕੀਮਤੀ ਰੋਲੈਕਸ ਘੜੀ ਲਾਹੁਣ ਤੋਂ ਪਹਿਲਾਂ ਉਨ੍ਹਾਂ ਨੂੰ ਕੇਬਲ ਟਾਈ ਨਾਲ ਕੁਰਸੀ ਨਾਲ ਬੰਨ੍ਹ ਦਿੱਤਾ। ਦੋਵਾਂ ਨੇ ਚਾਕੂ ਅਤੇ ਕੁਹਾੜੀ ਦੇ ਡਰਾਵੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸਕਿਓਰਿਟੀ ਅਲਾਰਮ ਵੱਜਣ ਤੋਂ ਪਹਿਲਾਂ ਉਨ੍ਹਾਂ ਨੇ ਸਟਾਫ ਰੂਮ ਦੀ ਤਲਾਸ਼ੀ ਵੀ ਲਈ ਸੀ। ਵਾਰਦਾਤ ਤੋਂ ਬਾਅਦ ਦੋਵੇਂ ਬਾਹਰ ਖੜ੍ਹੀ ਗੱਡੀ ਵਿੱਚ ਮੌਕੇ ਤੋਂ ਭੱਜ ਗਏ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।