ਅਮਰੀਕਾ ’ਚ 15 ਮਿਲੀਅਨ ਲੋਕ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲਗਵਾਉਣ ਤੋਂ ਖੁੰਝੇ : ਸੀ. ਡੀ. ਸੀ.

Monday, Jul 05, 2021 - 12:42 PM (IST)

ਅਮਰੀਕਾ ’ਚ 15 ਮਿਲੀਅਨ ਲੋਕ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲਗਵਾਉਣ ਤੋਂ ਖੁੰਝੇ : ਸੀ. ਡੀ. ਸੀ.

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਸੁਰੱਖਿਆ ਪ੍ਰਾਪਤ ਕਰਨ ਲਈ ਮੁੱਖ ਤੌਰ 'ਤੇ ਇਸ ਦੀ ਵੈਕਸੀਨ ਦੀਆਂ ਦੋ ਖੁਰਾਕਾਂ ਕੁਝ ਸਮੇਂ ਦੇ ਫਰਕ ਨਾਲ ਲਗਾਉਣੀਆਂ ਜ਼ਰੂਰੀ ਹਨ ਪਰ ਅਮਰੀਕੀ ਸੰਸਥਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ. ਡੀ. ਸੀ.) ਦੇ ਅਨੁਸਾਰ ਅਮਰੀਕਾ ਵਿੱਚ ਲੱਗਭਗ 15 ਮਿਲੀਅਨ ਲੋਕ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲੈਣ ਤੋਂ ਖੁੰਝ ਗਏ ਹਨ। ਸੀ. ਡੀ. ਸੀ. ਦੇ ਅੰਕੜਿਆਂ ਅਨੁਸਾਰ 16 ਜੂਨ ਤੱਕ ਲੱਗਭਗ 11 ਫੀਸਦੀ ਲੋਕ ਜਿਨ੍ਹਾਂ ਕੋਲ ਦੂਜੀ ਖੁਰਾਕ ਲੈਣ ਲਈ ਕਾਫ਼ੀ ਸਮਾਂ ਸੀ, ਉਹ ਟੀਕਾ ਲਗਵਾਉਣ ਨਹੀਂ ਗਏ। ਅਮਰੀਕਾ ਵਿੱਚ ਫਾਈਜ਼ਰ-ਬਾਇਓਨਟੈਕ ਦੀ ਪਹਿਲੀ ਸ਼ਾਟ ਦੇ ਤਿੰਨ ਹਫਤੇ ਬਾਅਦ ਜਾਂ ਪਹਿਲੀ ਮੋਡਰਨਾ ਸ਼ਾਟ ਤੋਂ ਚਾਰ ਹਫ਼ਤਿਆਂ ਬਾਅਦ ਦੂਜੀ ਖੁਰਾਕ ਦਿੱਤੀ ਜਾਂਦੀ ਹੈ। ਜੇ ਦੂਜੀ ਖੁਰਾਕ ਨੂੰ ਲੈਣ ਲਈ, ਪਹਿਲੀ ਖੁਰਾਕ ਤੋਂ ਬਾਅਦ 42 ਤੋਂ ਵੱਧ ਦਿਨ ਬੀਤ ਜਾਣ ਤਾਂ ਇਸ ਨੂੰ ਖੁੰਝਿਆ ਹੋਇਆ ਮੰਨਿਆ ਜਾਂਦਾ ਹੈ।

ਸਿਹਤ ਮਾਹਿਰਾਂ ਅਨੁਸਾਰ ਲੋਕ ਕਈ ਕਾਰਨਾਂ ਕਰਕੇ ਆਪਣੀ ਦੂਜੀ ਖੁਰਾਕ ਨੂੰ ਛੱਡਦੇ ਹਨ, ਜਿਵੇਂ ਕਿ ਉਹ ਗਲਤੀ ਨਾਲ ਵਿਸ਼ਵਾਸ ਕਰਦੇ ਹਨ ਕਿ  ਉਨ੍ਹਾਂ ਨੂੰ ਸਿਰਫ ਇੱਕ ਹੀ ਖੁਰਾਕ ਦੀ ਜ਼ਰੂਰਤ ਹੈ। ਇਸ ਸਬੰਧੀ ਰਿਪੋਰਟ ਅਨੁਸਾਰ ਕੁੱਝ ਟੀਕੇ ਦੇ ਉਲਟ ਪ੍ਰਭਾਵਾਂ ਤੋਂ ਬਚਣ ਲਈ ਵੀ ਆਪਣੀ ਦੂਜੀ ਖੁਰਾਕ ਤੋਂ ਖੁੰਝ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਕਾਰਨਾਂ ਕਰਕੇ ਵੀ ਲੋਕ ਵੈਕਸੀਨ ਦੀ ਦੂਜੀ ਖੁਰਾਕ ਲਗਵਾਉਣਾ ਭੁੱਲ ਜਾਂਦੇ ਹਨ। ਸੀ. ਡੀ. ਸੀ. ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਤੱਕ ਅਮਰੀਕਾ ਵਿੱਚ ਤਕਰੀਬਨ 182,109,860 ਲੋਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਮਿਲੀ ਹੈ, ਜਦਕਿ ਲੱਗਭਗ 156,982,549 ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ । ਸਿਹਤ ਮਾਹਿਰ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ ਲਈ ਕੋਰੋਨਾ ਟੀਕਾਕਰਨ ਨੂੰ ਪੂਰਾ ਕਰਨਾ ਦੀ ਸਲਾਹ ਦਿੰਦੇ ਹਨ।


author

Manoj

Content Editor

Related News