ਨਿਊਜ਼ੀਲੈਂਡ ’ਚ ਕੋਰੋਨਾ ਦੇ 148 ਨਵੇਂ ਮਾਮਲੇ ਆਏ ਸਾਹਮਣੇ
Sunday, Nov 28, 2021 - 05:00 PM (IST)
ਵੇਲਿੰਗਟਨ (ਵਾਰਤਾ)-ਨਿਊਜ਼ੀਲੈਂਡ ’ਚ ਕੋਰੋਨਾ ਵਾਇਰਸ ਦੇ 148 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਸ਼ਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਐਤਵਾਰ ਦਿੱਤੀ। ਵਿਭਾਗ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ’ਚ 144 ਕਮਿਊਨਿਟੀ ਕੇਸ ਹਨ, ਜਦਕਿ ਚਾਰ ਮਾਮਲੇ ਬਾਹਰੋਂ ਆਏ ਹਨ, ਜਿਨ੍ਹਾਂ ਦਾ ਬਾਰਡਰ ’ਤੇ ਜਾਂਚ ਦੌਰਾਨ ਪਤਾ ਲੱਗਾ ਹੈ। ਨਿਊਜ਼ੀਲੈਂਡ ’ਚ ਡੈਲਟਾ ਵੇਰੀਐਂਟ ਦੀ ਕੁਲ ਗਿਣਤੀ 8118 ਹੋ ਗਈ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਆਕਲੈਂਡ ਅਤੇ ਬਾਹਰੀ ਖੇਤਰਾਂ ’ਚ ਹਨ। ਨਿਊਜ਼ੀਲੈਂਡ ਦੇ ਹਸਪਤਾਲਾਂ ’ਚ ਕੋਰੋਨਾ ਇਨਫੈਕਸ਼ਨ ਦੇ 82 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ’ਚੋਂ 9 ਮਰੀਜ਼ਾਂ ਨੂੰ ਇੰਟੈਂਸਿਵ ਕੇਅਰ ਯੂਨਿਟ ’ਚ ਰੱਖਿਆ ਗਿਆ ਹੈ। ਕੋਰੋਨਾ ਮਹਾਮਾਰੀ ਦੇ ਆਉਣ ਤੋਂ ਬਾਅਦ ਨਿਊਜ਼ੀਲੈਂਡ ’ਚ ਹੁਣ ਤੱਕ ਕੋਰੋਨਾ ਦੇ ਕੁਲ 10,891 ਮਾਮਲੇ ਸਾਹਮਣੇ ਆ ਚੁੱਕੇ ਹਨ।
ਮੰਤਰਾਲੇ ਮੁਤਾਬਕ ਨਿਊਜ਼ੀਲੈਂਡ ਦੇ 85 ਫੀਸਦੀ ਯੋਗ ਲੋਕਾਂ ਨੂੰ ਕੋਰੋਨਾ ਦੇ ਦੋਵੇਂ ਟੀਕੇ ਲਾਏ ਗਏ ਹਨ। ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ’ਚ ਕੋਰੋਨਾ ਨਾਲ ਨਜਿੱਠਣ ਲਈ ਅਲਰਟ 3 ਜਾਰੀ ਕੀਤਾ ਗਿਆ ਸੀ, ਜੋ ਪਾਬੰਦੀਆਂ ਦੀ ਤੀਬਰਤਾ ਨੂੰ ਦਰਸਾਉਂਦਾ ਹੈ, ਜਦਕਿ ਦੇਸ਼ ਭਰ ’ਚ ਕੋਰੋਨਾ ਚੌਕਸੀ ਦਾ ਦੂਜਾ ਪੱਧਰ ਲਾਗੂ ਹੈ। ਇਮਾਰਤਾਂ ਤੇ ਜਨਤਕ ਇਮਾਰਤਾਂ ’ਚ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ਲਈ 100 ਵਿਅਕਤੀਆਂ ਦੀ ਹੱਦ ਨਿਰਧਾਰਤ ਕੀਤੀ ਗਈ ਹੈ।