ਬਲੋਚਿਸਤਾਨ ''ਚ ਪਾਕਿ ਖਿਲਾਫ 12 ਹਮਲੇ; BLA ਨੇ 130 ਫੌਜੀ ਮਾਰੇ, ਕਈ ਕੈਂਪਾਂ ਤੇ ਚੌਕੀਆਂ ''ਤੇ ਕਬਜ਼ਾ

Tuesday, Aug 27, 2024 - 06:26 PM (IST)

ਪੇਸ਼ਾਵਰ : ਪਾਕਿਸਤਾਨ ਦੇ ਅਸ਼ਾਂਤ ਖੇਤਰ ਬਲੋਚਿਸਤਾਨ 'ਚ ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਇਕ ਵੱਡੇ ਹਮਲੇ ਦਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਆਪਰੇਸ਼ਨ ਹੇਰੋਫ ਦੇ ਤਹਿਤ 130 ਪਾਕਿਸਤਾਨੀ ਫੌਜੀਆਂ ਨੂੰ ਮਾਰ ਦਿੱਤਾ ਹੈ। ਹਾਲਾਂਕਿ ਪਾਕਿਸਤਾਨੀ ਫੌਜ ਨੇ ਹੁਣ ਤੱਕ 14 ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਬੀਐੱਲਏ ਦੇ ਬੁਲਾਰੇ ਜਿਆਂਦ ਬਲੋਚ ਨੇ ਦੱਸਿਆ ਕਿ ਇਸ ਆਪਰੇਸ਼ਨ ਵਿੱਚ ਉਨ੍ਹਾਂ ਦੇ 800 ਲੜਾਕਿਆਂ ਨੇ ਹਿੱਸਾ ਲਿਆ। ਇਹ ਹਮਲੇ ਬਲੋਚਿਸਤਾਨ ਵਿੱਚ 12 ਵੱਖ-ਵੱਖ ਥਾਵਾਂ 'ਤੇ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 7 ਆਤਮਘਾਤੀ ਹਮਲੇ ਸਨ। ਜ਼ਿਯੰਦ ਮੁਤਾਬਕ ਇਹ ਅਪਰੇਸ਼ਨ ਬਲੋਚਿਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਇੱਕ ਅਹਿਮ ਮੀਲ ਪੱਥਰ ਸਾਬਤ ਹੋਵੇਗਾ। ਦੂਜੇ ਪਾਸੇ ਪਾਕਿਸਤਾਨੀ ਫੌਜ ਨੇ ਦੇਰ ਰਾਤ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਜਵਾਬੀ ਕਾਰਵਾਈ 'ਚ 21 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਬਲੋਚਿਸਤਾਨ ਵਿੱਚ ਅਜੇ ਵੀ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਬੀਐੱਲਏ ਨੇ ਇਸ ਆਪਰੇਸ਼ਨ ਨੂੰ ਬਲੋਚਿਸਤਾਨ ਦੀ ਆਜ਼ਾਦੀ ਦੇ ਸੰਘਰਸ਼ ਦਾ ਪਹਿਲਾ ਕਦਮ ਦੱਸਿਆ ਹੈ ਅਤੇ ਹੋਰ ਹਮਲਿਆਂ ਦੀ ਚਿਤਾਵਨੀ ਦਿੱਤੀ ਹੈ।

ਪਾਕਿਸਤਾਨੀ ਫੌਜ ਦੇ ਕਈ ਕੈਂਪਾਂ ਤੇ ਚੌਕੀਆਂ 'ਤੇ ਕਬਜ਼ਾ
ਬੀਐੱਲਏ ਦੇ ਲੜਾਕਿਆਂ ਨੇ ਪਾਕਿਸਤਾਨੀ ਫੌਜ ਦੇ ਕਈ ਕੈਂਪਾਂ ਅਤੇ ਪੁਲਸ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਹਮਲਾ ਬੇਲਾ ਕੈਂਪ 'ਤੇ ਹੋਇਆ ਸੀ, ਜਿੱਥੇ ਬੀਐੱਲਏ ਦੇ ਆਤਮਘਾਤੀ ਲੜਾਕਿਆਂ ਨੇ 20 ਘੰਟੇ ਤੱਕ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 68 ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਬੀਐੱਲਏ ਨੇ ਕਿਹਾ ਕਿ ਉਸਨੇ ਪਹਿਲਾਂ ਹੀ ਸਥਾਨਕ ਪੁਲਸ ਨੂੰ ਪਾਕਿਸਤਾਨੀ ਫੌਜ ਦੀ ਮਦਦ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ। ਬੁਲਾਰੇ ਨੇ ਦੱਸਿਆ ਕਿ 22 ਪੁਲਸ ਅਤੇ ਲੇਵੀ ਫੋਰਸ ਦੇ ਜਵਾਨਾਂ ਨੂੰ ਅਸਥਾਈ ਤੌਰ 'ਤੇ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਕਾਰਵਾਈ ਤੋਂ ਬਾਅਦ ਸੁਰੱਖਿਅਤ ਛੱਡ ਦਿੱਤਾ ਗਿਆ ਸੀ।

ਹਾਈਵੇਅ 'ਤੇ ਨਾਕਾਬੰਦੀ ਤੇ ਮੁੱਠਭੇੜ
ਬੀਐੱਲਏ ਦੇ ਫਤਿਹ ਦਸਤੇ ਨੇ ਬਲੋਚਿਸਤਾਨ ਦੇ ਕਈ ਹਾਈਵੇਅ ਬੰਦ ਕਰ ਦਿੱਤੇ ਸਨ। ਇਸ ਨੂੰ ਹਟਾਉਣ ਲਈ ਆਏ 62 ਪਾਕਿਸਤਾਨੀ ਸੈਨਿਕਾਂ ਨੂੰ ਮਾਰਨ ਦਾ ਦਾਅਵਾ ਕੀਤਾ ਗਿਆ ਹੈ। ਬੀਐੱਲਏ ਨੇ ਹਾਈਵੇਅ 'ਤੇ 25 ਗੱਡੀਆਂ ਨੂੰ ਅੱਗ ਲਾਉਣ ਦਾ ਵੀਡੀਓ ਵੀ ਜਾਰੀ ਕੀਤਾ, ਜਿਸ 'ਚ ਉਨ੍ਹਾਂ ਦੇ ਲੜਾਕੇ ਪਾਕਿਸਤਾਨੀ ਫੌਜ ਦੇ ਖਿਲਾਫ ਬਦਲਾ ਲੈਣ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ, ਬੀਐੱਲਏ ਨੇ ਕਿਹਾ ਕਿ ਇਨ੍ਹਾਂ ਹਮਲਿਆਂ 'ਚ ਉਨ੍ਹਾਂ ਦੇ 7 ਆਤਮਘਾਤੀ ਲੜਾਕੇ ਮਾਰੇ ਗਏ, ਜਿਨ੍ਹਾਂ 'ਚ ਇਕ ਔਰਤ ਮਹਿਲ ਬਲੋਚ ਵੀ ਸ਼ਾਮਲ ਸੀ। ਮਹਿਲ ਬਲੋਚ ਬਲੋਚਿਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੀ ਤੀਜੀ ਔਰਤ ਬਣੀ।


Baljit Singh

Content Editor

Related News