ਈਦ ਤੋਂ ਪਹਿਲਾਂ ਅਫਗਾਨਿਸਤਾਨ-ਪਾਕਿ ਤਣਾਅ ਵਿਚਾਲੇ ਵੱਡਾ ਫੈਸਲਾ, ਤਾਲਿਬਾਨ ਨੇ ਰੋਕਿਆ ''ਰਦ ਅਲ-ਜ਼ੁਲਮ'' ਆਪ੍ਰੇਸ਼ਨ
Wednesday, Mar 18, 2026 - 11:41 PM (IST)
ਇਸਲਾਮਾਬਾਦ : ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਅਤੇ ਪਾਕਿਸਤਾਨ ਵਿਚਾਲੇ ਜਾਰੀ ਭਾਰੀ ਫੌਜੀ ਤਣਾਅ ਦਰਮਿਆਨ ਇੱਕ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਈਦ-ਉਲ-ਫਿਤਰ ਦੇ ਪਵਿੱਤਰ ਮੌਕੇ ਨੂੰ ਮੁੱਖ ਰੱਖਦਿਆਂ ਦੋਵਾਂ ਦੇਸ਼ਾਂ ਨੇ ਆਪਣੀਆਂ ਫੌਜੀ ਕਾਰਵਾਈਆਂ ਨੂੰ ਅਸਥਾਈ ਤੌਰ 'ਤੇ ਰੋਕਣ ਦਾ ਐਲਾਨ ਕੀਤਾ ਹੈ। ਤਾਲਿਬਾਨ ਨੇ ਪਾਕਿਸਤਾਨ ਵਿਰੁੱਧ ਚੱਲ ਰਹੇ ਆਪਣੇ ਆਪ੍ਰੇਸ਼ਨ ‘ਰਦ ਅਲ-ਜ਼ੁਲਮ’ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ।
ਇਹ ਅਹਿਮ ਫੈਸਲਾ ਅੰਤਰਰਾਸ਼ਟਰੀ ਦਬਾਅ ਅਤੇ ਵਿਚੋਲਗੀ ਤੋਂ ਬਾਅਦ ਲਿਆ ਗਿਆ ਹੈ। ਸਰੋਤਾਂ ਅਨੁਸਾਰ ਸਾਊਦੀ ਅਰਬ, ਤੁਰਕੀ ਅਤੇ ਕਤਰ ਨੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਵਧਦੇ ਤਣਾਅ ਨੂੰ ਘਟਾਉਣ ਲਈ ਦਖ਼ਲ ਦਿੱਤਾ ਸੀ, ਜਿਸ ਤੋਂ ਬਾਅਦ ਦੋਵੇਂ ਪੱਖ ਯੁੱਧ ਰੋਕਣ ਲਈ ਸਹਿਮਤ ਹੋਏ ਹਨ। ਅਫਗਾਨ ਸਰਕਾਰ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਪੁਸ਼ਟੀ ਕੀਤੀ ਹੈ ਕਿ ਇਹ ਫੈਸਲਾ ਈਦ ਦੀ ਪਵਿੱਤਰਤਾ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਸਨ। ਅਫਗਾਨਿਸਤਾਨ ਨੇ ਪਾਕਿਸਤਾਨ 'ਤੇ ਕਾਬੁਲ ਵਿੱਚ ਇੱਕ ਹਵਾਈ ਹਮਲਾ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਇਸ ਵਿੱਚ ਇੱਕ ਡਰੱਗ ਰੀਹੈਬਲੀਟੇਸ਼ਨ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ 400 ਦੇ ਕਰੀਬ ਲੋਕਾਂ ਦੀ ਮੌਤ ਹੋਈ। ਹਾਲਾਂਕਿ, ਪਾਕਿਸਤਾਨ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਕਾਰਵਾਈ ਸਿਰਫ਼ ਅੱਤਵਾਦੀਆਂ ਵਿਰੁੱਧ ਹੈ।
ਪਾਕਿਸਤਾਨ ਦਾ ਆਪ੍ਰੇਸ਼ਨ ‘ਗਜ਼ਬ-ਲਿਲ-ਹੱਕ’ ਵੀ ਰੁਕਿਆ ਪਾਕਿਸਤਾਨ ਨੇ ਵੀ ਈਦ ਦੇ ਮੌਕੇ 'ਤੇ ਆਪਣੇ ਫੌਜੀ ਆਪ੍ਰੇਸ਼ਨ ‘ਗਜ਼ਬ-ਲਿਲ-ਹੱਕ’ ਨੂੰ ਅਸਥਾਈ ਤੌਰ 'ਤੇ ਰੋਕਣ ਦੀ ਘੋਸ਼ਣਾ ਕੀਤੀ ਹੈ। ਇਹ ਰੋਕ 18-19 ਮਾਰਚ ਦੀ ਅੱਧੀ ਰਾਤ ਤੋਂ ਸ਼ੁਰੂ ਹੋ ਕੇ 23-24 ਮਾਰਚ ਦੀ ਅੱਧੀ ਰਾਤ ਤੱਕ ਲਾਗੂ ਰਹੇਗੀ। ਪਾਕਿਸਤਾਨੀ ਅਧਿਕਾਰੀਆਂ ਅਨੁਸਾਰ, 26 ਫਰਵਰੀ ਤੋਂ ਸ਼ੁਰੂ ਹੋਈ ਇਸ ਕਾਰਵਾਈ ਵਿੱਚ ਹੁਣ ਤੱਕ 684 ਅਫਗਾਨ ਤਾਲਿਬਾਨ ਲੜਾਕੇ ਮਾਰੇ ਜਾ ਚੁੱਕੇ ਹਨ।
ਹਾਲਾਂਕਿ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ, ਪਰ ਅਵਿਸ਼ਵਾਸ ਅਜੇ ਵੀ ਬਰਕਰਾਰ ਹੈ। ਪਾਕਿਸਤਾਨ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਦੌਰਾਨ ਸਰਹੱਦ ਪਾਰੋਂ ਕੋਈ ਹਮਲਾ, ਡਰੋਨ ਹਮਲਾ ਜਾਂ ਅੱਤਵਾਦੀ ਘਟਨਾ ਹੁੰਦੀ ਹੈ, ਤਾਂ ਉਹ ਆਪਣੀ ਫੌਜੀ ਕਾਰਵਾਈ ਤੁਰੰਤ ਦੁਬਾਰਾ ਸ਼ੁਰੂ ਕਰ ਦੇਣਗੇ। ਫਿਲਹਾਲ, ਅੰਤਰਰਾਸ਼ਟਰੀ ਭਾਈਚਾਰਾ ਇਸ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਤਾਂ ਜੋ ਖੇਤਰ ਵਿੱਚ ਸ਼ਾਂਤੀ ਬਣੀ ਰਹੇ।
