ਇਟਲੀ ''ਚ ਹੜ੍ਹ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ ਹੋਈ 13
Friday, May 19, 2023 - 11:59 AM (IST)
ਰੋਮ (ਵਾਰਤਾ)- ਇਟਲੀ ਦੇ ਐਮਿਲਿਆ-ਰੋਮਾਗਨਾ ਖੇਤਰ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ। ਇਨ੍ਹਾਂ ਖੇਤਰਾਂ ਵਿਚ ਹਾਲਾਂਕਿ ਵੀਰਵਾਰ ਨੂੰ ਮੋਹਲੇਧਾਰ ਮੀਂਹ ਵਿਚ ਕਮੀ ਆਈ ਪਰ ਜ਼ਿਆਦਾਤਰ ਖੇਤਰ ਪਾਣੀ ਵਿਚ ਡੁੱਬਿਆ ਹੈ। ਸਥਾਨਕ ਮੀਡੀਆ ਵਿਚ ਵੀਰਵਾਰ ਨੂੰ ਦਿਖਾਈ ਗਈ ਵੀਡੀਓ ਫੁਟੇਜ ਵਿਚ ਸੰਤ ਅਗਾਤਾ ਸੁਲ ਸੈਂਟਰਨੋ ਕਮਿਊਨ ਵਿਚ ਸੜਕਾਂ ਨੂੰ ਅਤੇ ਸਮੁੰਦਰੀ ਤਟੀ ਸ਼ਹਿਰ ਰੇਵੇਨਾ ਦੇ ਕੁੱਝ ਹਿੱਸੇ ਹੜ੍ਹ ਦੇ ਪਾਣੀ ਵਿਚ ਡੁੱਬੇ ਦਿਖਾਈ ਦਿੱਤੇ।
ਇਟਲੀ ਦੇ ਉੱਤਰੀ ਮੱਧ ਖੇਤਰ (ਜਿਸ ਵਿਚ ਬੋਲੋਗਨਾ ਅਤੇ ਮੋਡੇਨਾ ਸ਼ਹਿਰ ਸ਼ਾਮਲ ਹਨ) ਵਿਚ ਮੰਗਲਵਾਰ ਅਤੇ ਬੁੱਧਵਾਰ ਨੂੰ ਮੋਹਲੇਧਾਰ ਮੀਂਹ ਪਿਆ, ਜਿਸ ਨਾਲ ਇਨ੍ਹਾਂ ਖੇਤਰਾਂ ਵਿਚ ਅਚਾਨਕ ਹੜ੍ਹ ਆ ਗਿਆ। ਬਚਾਅ ਕਰਮੀਆਂ ਨੇ ਉੱਚੀਆਂ ਇਮਾਰਤਾਂ ਦੀਆਂ ਛੱਤਾਂ ਅਤੇ ਉੱਪਰੀ ਮੰਜ਼ਿਲ ਤੋਂ ਲੋਕਾਂ ਨੂੰ ਕੱਢਣ ਵਿਚ ਮਦਦ ਕੀਤੀ। ਨਾਗਰਿਕ ਸੁਰੱਖਿਆ ਵਿਭਾਗ ਮੁਤਾਬਕ ਵੀਰਵਾਰ ਨੂੰ ਵੀ ਐਮਿਲਿਆ ਰੋਮਾਗਨਾ ਦਾ ਜ਼ਿਆਦਾਤਰ ਹਿੱਸਾ 'ਰੈੱਡ ਅਲਰਟ' ਜ਼ੋਨ ਵਿਚ ਰਿਹਾ। ਉੱਥੇ ਹੀ ਉੱਤਰ ਵਿਚ ਲੋਂਬਾਰਡੀ ਤੋਂ ਲੈ ਕੇ ਦੱਖਣ ਵਿਚ ਬੇਸਿਲਿਕਾਟਾ ਤੱਕ 'ਓਰੇਂਜ' ਜਾਂ 'ਯੈਲੋ' ਅਲਰਟ ਘੋਸ਼ਿਤ ਹੈ। ਸ਼ਨੀਵਾਰ ਅੱਧੀ ਰਾਤ ਤੱਕ ਉੱਤਰੀ-ਮੱਧ ਇਟਲੀ ਦੇ ਜ਼ਿਆਦਾਤਰ ਹਿੱਸਿਆਂ ਲਈ ਗੰਭੀਰ ਮੌਸਮ ਚੇਤਾਵਨੀਆਂ ਲਾਗੂ ਹਨ। ਹਜ਼ਾਰਾਂ ਲੋਕ ਬਿਜਲੀ ਤੋਂ ਸੱਖਣੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਖੇਤਰ ਵਿੱਚ ਬਿਜਲੀ ਬਹਾਲ ਕਰਨ ਵਿੱਚ ਮਦਦ ਲਈ ਲਗਭਗ 700 ਤਕਨੀਸ਼ੀਅਨ ਭੇਜੇ ਗਏ ਹਨ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਭਾਰਤੀ ਮੂਲ ਦੀ ਪ੍ਰਤਿਮਾ ਨੂੰ ਨਿਊਯਾਰਕ ਪੁਲਸ ਵਿਭਾਗ 'ਚ ਮਿਲਿਆ ਸਰਵਉੱਚ ਰੈਂਕ
ਉੱਥੇ ਹੀ ਇਟਲੀ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਅਗਲੇ ਮੰਗਲਵਾਰ ਨੂੰ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬੈਠਕ 'ਚ ਐਮਿਲਿਆ-ਰੋਮਾਗਨਾ 'ਚ ਐਮਰਜੈਂਸੀ ਦਾ ਐਲਾਨ ਕੀਤਾ ਜਾ ਸਕਦਾ ਹੈ। ਐਮਰਜੈਂਸੀ ਦੀ ਸਥਿਤੀ ਸਰਕਾਰੀ ਫੰਡਾਂ ਨੂੰ ਅਨਲੌਕ ਕਰੇਗੀ ਅਤੇ ਸਥਾਨਕ ਅਧਿਕਾਰੀਆਂ ਨੂੰ ਐਮਰਜੈਂਸੀ ਉਪਾਵਾਂ ਨੂੰ ਲਾਗੂ ਕਰਨ ਲਈ ਵਾਧੂ ਅਧਿਕਾਰ ਦੇਵੇਗੀ।
ਇਹ ਵੀ ਪੜ੍ਹੋ : ਅਮਰੀਕੀ ਨੌਜਵਾਨਾਂ ਨੂੰ ਨਸ਼ੇੜੀ ਬਣਾ ਕੇ ਅਰਥਵਿਵਸਥਾ ਨੂੰ ਕਮਜ਼ੋਰ ਕਰਨਾ ਚਾਹੁੰਦੈ ਚੀਨ!