ਅਫਗਾਨ ਹਵਾਈ ਹਮਲੇ 'ਚ 13 ਨਾਗਰਿਕਾਂ ਦੀ ਮੌਤ
Wednesday, Aug 30, 2017 - 02:33 AM (IST)

ਹੇਰਾਤ (ਅਫਗਾਨਿਸਤਾਨ)— ਅਫਗਾਨ ਅਧਿਕਾਰੀਆਂ ਨੇ ਅੱਜ ਕਿਹਾ ਕਿ ਪੱਛਮੀ ਸੂਬਾ ਹੇਰਾਤ 'ਚ ਇੱਕ ਤਾਲਿਬਾਨੀ ਅੱਡੇ ਨੂੰ ਨਿਸ਼ਾਨਾ ਬਣਾਉਣ ਲਈ ਅਫਗਾਨ ਹਵਾਈ ਫੌਜ ਵੱਲੋਂ ਕੀਤੇ ਗਏ ਹਮਲੇ 'ਚ ਔਰਤਾਂ ਅਤੇ ਬੱਚਿਆਂ ਸਮੇਤ 13 ਨਾਗਰਿਕਾਂ ਦੀ ਮੌਤ ਹੋ ਗਈ। ਹੇਰਾਤ ਦੇ ਰਾਜਸੀ ਬੁਲਾਰੇ ਜਿਲਾਨੀ ਫਰਹਾਦ ਨੇ ਦੱਸਿਆ ਕਿ ਬੀਤੀ ਸ਼ਾਮ ਕੀਤਾ ਗਿਆ ਇਹ ਹਮਲਾ ਅਸ਼ਾਂਤ ਸ਼ਿੰਡਾਂਡ ਜ਼ਿਲੇ 'ਚ ਬਾਗੀਆਂ ਵੱਲੋਂ ਸੰਚਾਲਿਤ ਇੱਕ ਜੇਲ ਅਤੇ ਕਮਾਨ ਅੱਡੇ ਨੂੰ ਨਿਸ਼ਾਨਾ ਬਣਾਕੇ ਕੀਤਾ ਗਿਆ ਸੀ। ਇਸ ਦੌਰਾਨ ਇੱਕ ਘਰ ਵੀ ਹਮਲੇ ਦੀ ਲਪੇਟ 'ਚ ਆ ਗਿਆ।
ਉਨ੍ਹਾਂ ਕਿਹਾ, ''ਬਦਕਿਸਮਤੀ ਨਾਲ ਔਰਤਾਂ ਅਤੇ ਬੱਚੀਆਂ ਸਮੇਤ 13 ਨਾਗਰਿਕਾਂ ਦੀ ਇਸ ਹਵਾਈ ਹਮਲੇ 'ਚ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ।'' ਉਨ੍ਹਾਂ ਕਿਹਾ ਕਿ ਇਸ ਦੌਰਾਨ ਘੱਟ ਤੋਂ ਘੱਟ 16 ਤਾਲਿਬਾਨੀ ਲੜਾਕੇ ਵੀ ਮਾਰੇ ਗਏ। ਸੂਬਾਈ ਪੁਲਸ ਦੇ ਇੱਕ ਬਿਆਨ 'ਚ ਹਵਾਈ ਹਮਲੇ ਅਤੇ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਅਫਗਾਨ ਹਵਾਈ ਫੌਜ ਨੇ ਹਮਲੇ ਕੀਤੇ ਹਨ। ਮੰਤਰਾਲੇ ਦੇ ਬੁਲਾਰੇ ਦਾਵਲਤ ਵਾਜੀਰੀ ਨੇ ਕਿਹਾ, ''ਸਾਡੀ ਜਾਣਕਾਰੀ ਮੁਤਾਬਕ ਹਮਲੇ 'ਚ 18 ਤਾਲਿਬਾਨੀ ਲੜਾਕੇ ਮਾਰੇ ਗਏ ਹਨ ਪਰ ਅਸੀਂ ਨਾਗਰਿਕਾਂ ਦੀ ਮੌਤ ਦੀਆਂ ਖਬਰਾਂ ਵੀ ਸੁਣੀਆਂ ਹਨ ਅਤੇ ਅਸੀਂ ਇਸ ਦੀ ਜਾਂਚ ਕਰਾਂਗੇ।''