ਦੱਖਣੀ ਕੋਰੀਆ 'ਚ ਕੋਵਿਡ-19 ਨਾਲ 109 ਲੋਕਾਂ ਦੀ ਮੌਤ, ਓਮੀਕਰੋਨ ਵੇਰੀਐਂਟ ਦੇ ਹਾਵੀ ਹੋਣ ਦਾ ਖ਼ਦਸ਼ਾ

12/23/2021 2:58:01 PM

ਸਿਓਲ (ਭਾਸ਼ਾ)- ਦੱਖਣੀ ਕੋਰੀਆ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਕਾਰਨ 109 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੰਕਰਮਣ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਧਿਕਾਰੀਆਂ ਨੇ ਸਾਵਧਾਨ ਕੀਤਾ ਹੈ ਕਿ ਬਹੁਤ ਜ਼ਿਆਦਾ ਛੂਤਕਾਰੀ ਓਮੀਕਰੋਨ ਵੇਰੀਐਂਟ ਜਲਦੀ ਹੀ ਸਾਰੇ ਵੇਰੀਐਂਟਾਂ ਨੂੰ ਪਛਾੜ ਦੇਵੇਗਾ ਅਤੇ ਹਾਵੀ ਹੋ ਜਾਵੇਗਾ। ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਸੰਕਰਮਣ ਨਾਲ 109 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 5015 ਹੋ ਗਈ ਹੈ। ਗੰਭੀਰ ਰੂਪ ਨਾਲ ਬਿਮਾਰ ਮਰੀਜ਼ਾਂ ਦੀ ਗਿਣਤੀ ਵੀ 1083 ਹੋ ਗਈ ਹੈ।

ਏਜੰਸੀ ਨੇ ਕਿਹਾ ਕਿ ਸੰਕਰਮਣ ਦੇ 6916 ਨਵੇਂ ਮਾਮਲਿਆਂ ਦੇ ਆਉਣ ਨਾਲ ਸੰਕਰਮਿਤਾਂ ਦੀ ਗਿਣਤੀ 5,89,978 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਓਮਿਕਰੋਨ ਦੇ 12 ਹੋਰ ਮਾਮਲਿਆਂ ਦੀ ਪੁਸ਼ਟੀ ਹੋਣ ਦੇ ਨਾਲ ਹੁਣ ਤੱਕ ਵਾਇਰਸ ਦੇ ਨਵੇਂ ਵੇਰੀਐਂਟ ਦੇ ਕੁੱਲ 246 ਮਾਮਲੇ ਸਾਹਮਣੇ ਆਏ ਹਨ। ਦੱਖਣੀ ਕੋਰੀਆ ਵਿਚ ਮੌਜੂਦਾ ਸਮੇਂ ਵਿਚ ਸੰਕਰਮਣ ਦੇ ਜਿੰਨੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਲਈ ਡੈਲਟਾ ਵੇਰੀਐਂਟ ਜ਼ਿੰਮੇਵਾਰ ਹੈ, ਪਰ ਆਉਣ ਵਾਲੇ ਦਿਨਾਂ ਵਿਚ ਨਵੇਂ ਵੇਰੀਐਂਟ ਦੇ ਹਾਵੀ ਹੋਣ ਦੀ ਉਮੀਦ ਹੈ। ਸੀਨੀਅਰ ਸਿਹਤ ਅਧਿਕਾਰੀ ਲੀ ਸਾਂਗ ਵੌਨ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਓਮੀਕਰੋਨ ਵੇਰੀਐਂਟ ਇਕ ਜਾਂ 2 ਮਹੀਨਿਆਂ ਵਿਚ ਹਾਵੀ ਹੋ ਜਾਵੇਗਾ।

ਦੱਖਣੀ ਕੋਰੀਆ ਵਿਚ ਗਾਚੋਨ ਯੂਨੀਵਰਸਿਟੀ ਕਾਲਜ ਆਫ਼ ਮੈਡੀਸਨ ਦੇ ਪ੍ਰੋਫੈਸਰ ਜੇਹੂਨ ਜੰਗ ਨੇ ਕਿਹਾ ਹੈ ਕਿ ਓਮੀਕਰੋਨ ਕਾਰਨ ਦੇਸ਼ ਵਿਚ ਫਰਵਰੀ ਜਾਂ ਮਾਰਚ ਵਿਚ ਸਭ ਤੋਂ ਵੱਧ ਮਾਮਲੇ ਆ ਸਕਦੇ ਹਨ। ਸੰਕਰਮਣ ਦੇ ਨਵੇਂ ਮਾਮਲਿਆਂ ਅਤੇ ਮੌਤਾਂ ਕਾਰਨ ਦੱਖਣੀ ਕੋਰੀਆ ਨੇ ਸ਼ਨੀਵਾਰ ਨੂੰ ਕੁਝ ਨਵੀਆਂ ਪਾਬੰਦੀਆਂ ਲਗਾਈਆਂ। ਕਿਸੇ ਵੀ ਥਾਂ 'ਤੇ ਚਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਦੇ ਨਾਲ ਰੈਸਟੋਰੈਂਟਾਂ, ਕੈਫ਼ੇ 'ਚ ਰਾਤ 9 ਵਜੇ ਤੋਂ ਕਰਫਿਊ ਲਗਾਉਣ ਦਾ ਵੀ ਐਲਾਨ ਕੀਤਾ ਗਿਆ। ਸਿਹਤ ਮੰਤਰੀ ਕਵੋਨ ਡੀਓਕ-ਚਿਓਲ ਨੇ ਬੁੱਧਵਾਰ ਨੂੰ ਕਿਹਾ ਕਿ ਦੱਖਣੀ ਕੋਰੀਆ "ਇਕ ਮਹੱਤਵਪੂਰਨ ਮੋੜ" 'ਤੇ ਹੈ, ਕਿਉਂਕਿ ਇਸ ਦੀ ਮੈਡੀਕਲ ਪ੍ਰਣਾਲੀ 'ਤੇ ਬੋਝ ਵਧਦਾ ਜਾ ਰਿਹਾ ਹੈ।


cherry

Content Editor

Related News