ਵੱਡਾ ਖੁਲਾਸਾ : ਇਰਾਕ ਤੇ ਸੀਰੀਆ ’ਚ ISIS ਦੇ 10 ਹਜ਼ਾਰ ਤੋਂ ਜ਼ਿਆਦਾ ਅੱਤਵਾਦੀ ਸਰਗਰਮ
Wednesday, Aug 26, 2020 - 08:23 AM (IST)
ਨਿਊਯਾਰਕ, (ਭਾਸ਼ਾ)- ਹਾਰ ਦੇ 2 ਵਰ੍ਹਿਆਂ ਬਾਅਦ ਵੀ ਇਰਾਕ ਅਤੇ ਸੀਰੀਆ ’ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.ਆਈ. ਐੱਸ.) ਦੇ 10 ਹਜ਼ਾਰ ਤੋਂ ਜ਼ਿਆਦਾ ਅੱਤਵਾਦੀ ਹੁਣ ਵੀ ਸਰਗਰਮ ਹਨ ਅਤੇ ਇਸ ਵਰ੍ਹੇ ਉਨ੍ਹਾਂ ਦੇ ਹਮਲੇ ਵੀ ਵਧੇ ਹਨ।
ਇਹ ਦਾਅਵਾ ਸੰਯੁਕਤ ਰਾਸ਼ਟਰ ਦੇ ਅੱਤਵਾਦੀ ਵਿਰੋਧੀ ਪ੍ਰਮੁੱਖ ਵਲਾਦੀਮੀਰ ਵੋਰੋਨਕੋਵ ਨੇ ਕੀਤਾ ਹੈ।
ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਆਈ. ਐੱਸ. ਆਈ. ਐੱਸ. ਅੱਤਵਾਦੀ ਇਰਾਕ ਅਤੇ ਸੀਰੀਆ ਵਿਚਾਲੇ ਛੋਟੀਆਂ ਬਰਾਂਚਾਂ ’ਚ ਆਸਾਨੀ ਨਾਲ ਆਵਾਜਾਈ ਕਰਦੇ ਹਨ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ‘ਕੋਵਿਡ-19’ ਨਾਲ ਨਜਿੱਠਣ ਲਈ ਲੱਗੇ ਲਾਕਡਾਊਨ ਅਤੇ ਆਵਾਜਾਈ ’ਤੇ ਲੱਗੀਆਂ ਪਾਬੰਦੀਆਂ ਕਾਰਣ ਕਈ ਦੇਸ਼ਾਂ ’ਚ ਅੱਤਵਾਦੀ ਸਮੂਹਾਂ ਦੇ ਹਮਲਿਆਂ ਦਾ ਖਤਰਾ ਘੱਟ ਹੋਇਆ ਹੈ।
ਪੱਛਮੀ ਅਫਰੀਕਾ ਪ੍ਰਾਂਤ ਕੂੜ ਪ੍ਰਚਾਰ ਦਾ ਮੁੱਖ ਕੇਂਦਰ
ਉਨ੍ਹਾਂ ਕਿਹਾ ਕਿ ਪੱਛਮੀ ਅਫਰੀਕਾ ਪ੍ਰਾਂਤ ਆਈ. ਐੱਸ. ਦੇ ਸੰਸਾਰਕ ਕੂੜ ਪ੍ਰਚਾਰ ਦਾ ਇਕ ਮੁੱਖ ਕੇਂਦਰ ਬਣਿਆ ਹੋਇਆ ਹੈ ਅਤੇ ਇੱਥੇ ਇਸ ਦੇ ਲਗਭਗ 3500 ਮੈਂਬਰ ਹਨ। ਫਰਾਂਸ ’ਚ 3 ਅਤੇ ਬ੍ਰਿਟੇਨ ’ਚ 2 ਹਮਲਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਯੂਰਪ ’ਚ ਮੁੱਖ ਖਤਰਾ ‘ਇੰਟਰਨੈੱਟ ਤੋਂ ਪ੍ਰੇਰਿਤ, ਘਰੇਲੂ ਅੱਤਵਾਦੀਆਂ ਨੂੰ ਕੱਟੜ ਬਣ ਜਾਣ ਕਾਰਣ ਵਧਿਆ ਹੈ।
ਅਫਗਾਨ ਖੇਤਰ ਦੀ ਕਰਨਾ ਚਾਹੁੰਦੈ ਵਰਤੋਂ
ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਵੱਖ-ਵੱਖ ਹਿੱਸਿਆਂ ’ਚ ਆਈ. ਐੱਸ. ਨੇ ਕਈ ਵੱਡੇ ਹਮਲੇ ਕੀਤੇ ਹਨ ਅਤੇ ਉਹ ਪੂਰੇ ਖੇਤਰ ’ਚ ਆਪਣੇ ਪ੍ਰਭਾਵ ਨੂੰ ਫੈਲਾਉਣ ਲਈ ਅਫਗਾਨ ਖੇਤਰ ਦੀ ਵਰਤੋਂ ਕਰਨਾ ਚਾਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰਨਾ ਚਾਹੁੰਦਾ ਹੈ ਜੋ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹਾਲ ਹੀ ’ਚ ਸ਼ਾਂਤੀ ਸਮਝੌਤੇ ਦਾ ਵਿਰੋਧ ਕਰ ਰਹੇ ਹਨ।