ਅਫਗਾਨਿਸਤਾਨ ''ਚ 2 ਮੁਕਾਬਲਿਆਂ ਦੌਰਾਨ ਇਕ ਫੌਜੀ ਦੀ ਮੌਤ, 21 ਅੱਤਵਾਦੀ ਢੇਰ
Sunday, Jun 28, 2020 - 12:20 AM (IST)
ਕਾਬੁਲ (ਸ਼ਿਨਹੂਆ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੇ ਪਕਤੀਆ ਸੂਬੇ ਵਿਚ ਵੱਖ-ਵੱਖ ਮੁਕਾਬਲਿਆਂ ਵਿਚ ਇਕ ਫੌਜੀ ਦੀ ਮੌਤ ਹੋ ਗਈ ਜਦਕਿ 21 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ। ਰੱਖਿਆ ਮੰਤਰਾਲਾ ਨੇ ਸ਼ਨੀਵਾਰ ਨੂੰ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ।
ਬਿਆਨ ਮੁਤਾਬਕ ਕਾਬੁਲ ਦੇ ਪੱਛਮੀ ਹਿੱਸੇ ਵਿਚ ਪਗਮਾਨ ਜ਼ਿਲੇ ਦੇ ਅਰਘੰਦੀ ਪਿੰਡ ਵਿਚ ਫੌਜ ਦੀ ਚੌਕੀ 'ਤੇ ਤਾਲਿਬਾਨੀ ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਹਮਲਾ ਕੀਤਾ। ਹਮਲੇ ਵਿਚ 9 ਅੱਤਵਾਦੀ ਮਾਰੇ ਗਏ ਤੇ 10 ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਕ ਹੋਰ ਘਟਨਾ ਵਿਚ ਪਕਤੀਆ ਸੂਬੇ ਦੇ ਮਾਰਜਕਾਈ ਜ਼ਿਲੇ ਵਿਚ ਫੌਜ ਦੇ ਟਿਕਾਣੇ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਦੋਵਾਂ ਪੱਖਾਂ ਦੇ ਵਿਚਾਲੇ ਮੁਕਾਬਲੇ ਵਿਚ 12 ਅੱਤਵਾਦੀ ਢੇਰ ਹੋ ਗਏ ਜਦਕਿ ਇਕ ਫੌਜੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਫੌਜੀ ਤੇ 6 ਅੱਤਵਾਦੀ ਜ਼ਖਮੀ ਵੀ ਹੋਏ ਹਨ। ਤਾਲਿਬਾਨ ਸਮੂਹ ਨੇ ਅਜੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।