ਯਾਦਗਾਰ ਹੋ ਨਿੱਬੜਿਆ ਜੌਹਲ ਇੰਡੀਅਨ ਰੈਸਟੋਰੈਂਟ ਵੱਲੋਂ ਕਰਵਾਇਆ ਗਿਆ "ਤੀਆਂ ਦਾ ਮੇਲਾ 2024"

Saturday, Jul 20, 2024 - 06:00 PM (IST)

ਰਿਜੋਇਮੀਲੀਆ(ਕੈਂਥ) - ਬੀਤੇ ਦਿਨੀਂ ਉੱਤਰੀ ਇਟਲੀ ਦੇ ਪੰਜਾਬੀਆਂ ਦੀ ਭਰਪੂਰ ਵੱਸੋਂ ਵਾਲੇ ਜ਼ਿਲ੍ਹਾ ਰਿਜੋਇਮੀਲੀਆ  ਦੇ ਸ਼ਹਿਰ ਨੋਵੇਲਾਰਾ ਵਿਖੇ ਸਥਿਤ ਜੌਹਲ ਇੰਡੀਅਨ ਰੈਸਟੋਰੈਂਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ "ਤੀਆਂ ਦਾ ਮੇਲਾ 2024" ਬਹੁਤ ਹੀ ਜੋਸ਼ ਨਾਲ ਮਨਾਇਆ ਗਿਆ। ਜਿਹੜਾ ਕਿ ਸੱਭਿਆਚਰਕ ਮੇਲਾ ਹੋ ਨਿੱਬੜਿਆ।

PunjabKesari

ਮਿਸਿਜ਼ ਪ੍ਰੀਤ ਜੌਹਲ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਕਰਵਾਏ ਜਾਂਦੇ ਇਸ ਮੇਲੇ ਦੀ ਪੰਜਾਬਣਾਂ ਨੂੰ ਸਾਰਾ ਸਾਲ ਹੀ ਉਡੀਕ ਰਹਿੰਦੀ ਹੈ। ਉਹਨਾਂ ਦੀ ਟੀਮ ਵੱਲੋਂ ਵੀ ਔਰਤਾਂ ਦੇ ਮਨੋਰੰਜਨ ਲਈ ਕਾਫੀ ਸਮਾਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਮੇਲੇ ਵਿੱਚ ਸਿਰਫ ਔਰਤਾਂ ਨੂੰ ਐਂਟਰੀ ਦਿੱਤੀ ਜਾਂਦੀ ਹੈ। ਤੀਆਂ ਦੇ ਮੇਲੇ ਦੀ ਸ਼ੁਰੂਆਤ ਉਹਨਾਂ ਦੀ ਟੀਮ ਵੱਲੋਂ ਤਿਆਰ ਕੀਤੀ ਪਰਫੋਰਮੈਂਸ ਤੋਂ ਕੀਤੀ ਗਈ। ਜਿਸ ਵਿੱਚ ਟੀਮ ਵੱਲੋਂ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਗਿੱਧੇ ਰਾਹੀਂ ਸੁੰਦਰ ਹਾਲ ਵਿੱਚ ਪ੍ਰਵੇਸ਼ ਕੀਤਾ ਗਿਆ।

ਇਸ ਮੌਕੇ ਹਾਲ ਪੂਰਾ ਭਰਿਆ ਹੋਇਆ ਸੀ ਅਤੇ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਔਰਤਾਂ ਨੂੰ ਆਪਣੇ ਇਸ ਸੱਭਿਆਚਾਰਕ ਪ੍ਰੋਗਰਾਮ ਦੀ ਕਿਵੇਂ ਉਡੀਕ ਰਹਿੰਦੀ ਹੈ। ਇਸ ਮੇਲੇ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਪੰਜਾਬਣਾਂ ਵੱਲੋਂ ਪਹਿਨਿਆ ਗਿਆ ਪਰੰਪਰਾਗਤ ਪਹਿਰਾਵਾ ਸੀ ਜੋ ਕਿ ਅੱਜ ਕੱਲ ਦੇਖਣ ਨੂੰ ਘੱਟ ਹੀ ਮਿਲਦਾ ਹੈ।

PunjabKesari

ਇਸ ਮੌਕੇ ਮਾਈ ਬੁਟੀਕ ਸੰਤ ਇਲਾਰੀਆ ਵੱਲੋਂ ਸਟਾਲ ਵੀ ਲਗਾਇਆ ਹੋਇਆ ਸੀ। ਜਿਸ ਵਿੱਚ ਸੂਟ ਅਤੇ ਆਰਟੀਫਿਸ਼ਅਲ ਜੁਐਲਰੀ ਰੱਖੀ ਗਈ ਸੀ। ਸਟੇਜ ਦਾ ਸੰਚਾਲਨ ਰਾਜਵਿੰਦਰ ਕੌਰ ਸੁਜਾਰਾ ਵੱਲੋਂ ਕੀਤਾ ਗਿਆ। ਉਹਨਾਂ ਨੇ ਅੱਗੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਡਾਂਸ ਪਰਫੋਰਮੈਂਸ ਤਿਆਰ ਕੀਤੀਆਂ ਗਈਆਂ ਸਨ। ਜਿੰਨਾਂ ਦਾ ਮਹਿਮਾਨਾਂ ਨੇ ਖੂਬ ਅਨੰਦ ਮਾਣਿਆ। ਇਸ ਤੋਂ ਇਲਾਵਾ ਓਪਨ ਡੀਜੇ 'ਤੇ ਆਏ ਸਾਰੇ ਮਹਿਮਾਨਾਂ ਨੇ ਗਿੱਧੇ ਦਾ ਅਨੰਦ ਮਾਣਿਆ।

ਜ਼ਿਕਰਯੋਗ ਹੈ ਕਿ ਟੀਮ ਵੱਲੋਂ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰਨ ਦੇ ਸੰਦੇਸ਼ ਵਾਲੀ ਪਰਫਾਰਮੈਂਸ ਨੇ ਜਿੱਥੇ ਸਾਰਿਆਂ ਨੂੰ ਭਾਵੁਕ ਕੀਤਾ,ਉੱਥੇ ਹੀ ਮਹਿਮਾਨਾਂ ਦੀ ਵਾਹ-ਵਾਹ ਵੀ ਖੱਟੀ। ਮੇਲੇ ਵਿੱਚ ਆਈਆਂ ਹੋਈਆਂ ਬਜ਼ੁਰਗ ਬੀਬੀਆਂ ਨੂੰ ਸਟੇਜ 'ਤੇ ਬੁਲਾ ਕੇ ਉਹਨਾਂ ਕੋਲੋਂ ਬੋਲੀਆਂ ਵੀ ਸੁਣੀਆਂ ਗਈਆਂ। ਇਸ ਮੌਕੇ 'ਤੇ ਆਏ ਹੋਏ ਮਹਿਮਾਨਾਂ ਲਈ ਖਾਣ ਪੀਣ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ। ਅੰਤ ਵਿੱਚ ਜੌਹਲ ਇੰਡੀਅਨ ਰੈਸਟੋਰੈਂਟ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।


Harinder Kaur

Content Editor

Related News