ਦੌਲਤਪੁਰ-ਕਰਟੋਲੀ ਰੇਲਵੇ ਸਟੇਸ਼ਨ ਦਾ ਕੰਮ ਮੁਕੰਮਲ, ਕੰਡੀ ਖੇਤਰ ''ਚ ਖ਼ੁਸ਼ੀ ਦੀ ਲਹਿਰ
Monday, Mar 30, 2026 - 06:24 PM (IST)
ਤਲਵਾੜਾ (ਜੋਸ਼ੀ): ਕੰਡੀ ਖੇਤਰ ਦੇ ਨਿਵਾਸੀਆਂ ਲਈ ਸਾਲ 2026 ਖ਼ੁਸ਼ੀਆਂ ਦੀ ਸੌਗਾਤ ਲੈ ਕੇ ਆਇਆ ਹੈ । ਸਾਲਾਂ ਤੋਂ ਦੇਖਿਆ ਜਾ ਰਿਹਾ ਰੇਲ ਸੇਵਾ ਦਾ ਸੁਪਨਾ ਹੁਣ ਸਾਕਾਰ ਹੋਣ ਦੇ ਬੇਹੱਦ ਕਰੀਬ ਪਹੁੰਚ ਗਿਆ ਹੈ। ਦੌਲਤਪੁਰ-ਕਰਟੋਲੀ ਰੇਲਵੇ ਸਟੇਸ਼ਨ ਦੇ ਨਿਰਮਾਣ ਦਾ ਕੰਮ ਅਧਿਕਾਰਤ ਤੌਰ 'ਤੇ ਮੁਕੰਮਲ ਹੋ ਗਿਆ ਹੈ, ਜਿਸ ਕਾਰਨ ਪੂਰੇ ਖੇਤਰ ਵਿੱਚ ਖ਼ੁਸ਼ੀ ਦੀ ਲਹਿਰ ਹੈ। ਇਸ ਰੇਲਵੇ ਸਟੇਸ਼ਨ ਦੇ ਸ਼ੁਰੂ ਹੋਣ ਨਾਲ ਨਾ ਸਿਰਫ਼ ਕੰਡੀ ਖੇਤਰ ਦੀ ਕਨੈਕਟਿਵਿਟੀ ਬਿਹਤਰ ਹੋਵੇਗੀ, ਸਗੋਂ ਇਹ ਇਲਾਕਾ ਆਰਥਿਕ ਅਤੇ ਸਮਾਜਿਕ ਪ੍ਰਗਤੀ ਦੇ ਇੱਕ ਨਵੇਂ ਰਾਹ 'ਤੇ ਅੱਗੇ ਵਧੇਗਾ। ਇਸ ਪ੍ਰਾਪਤੀ 'ਤੇ ਖੇਤਰ ਦੀਆਂ ਮਹੱਤਵਪੂਰਨ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ।
ਮਹਿੰਗਾ ਹੋ ਗਿਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ Rate
ਹਲਕਾ ਦਸੂਹਾ ਦੇ ਸੀਨੀਅਰ ਸਮਾਜ ਸੇਵੀ ਅਤੇ ਨੌਜਵਾਨ ਆਗੂ ਅੰਕਿਤ ਰਾਣਾ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਤੱਕ ਲੋਕਾਂ ਨੂੰ ਲੰਬੀ ਦੂਰੀ ਤੈਅ ਕਰਨ ਲਈ ਨਿੱਜੀ ਵਾਹਨਾਂ ਜਾਂ ਬੱਸਾਂ 'ਤੇ ਨਿਰਭਰ ਰਹਿਣਾ ਪੈਂਦਾ ਸੀ, ਜੋ ਕਿ ਮਹਿੰਗਾ ਅਤੇ ਸਮਾਂ ਬਰਬਾਦ ਕਰਨ ਵਾਲਾ ਸੀ, ਹੁਣ ਮੁਸਾਫ਼ਰਾਂ ਨੂੰ ਇੱਕ ਸੁਰੱਖਿਅਤ ਅਤੇ ਸਸਤਾ ਬਦਲ ਮਿਲੇਗਾ। ਉਨ੍ਹਾਂ ਕਿਹਾ ਰੇਲ ਸੇਵਾ ਸ਼ੁਰੂ ਹੋਣ ਨਾਲ ਸਥਾਨਕ ਉਤਪਾਦਾਂ ਨੂੰ ਬਾਹਰੀ ਮੰਡੀਆਂ ਤੱਕ ਪਹੁੰਚਾਉਣਾ ਆਸਾਨ ਹੋ ਜਾਵੇਗਾ, ਜਿਸ ਨਾਲ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਨੂੰ ਲੈ ਕੇ ਅਹਿਮ ਖ਼ਬਰ: 6 ਮਹੀਨੇ ਤੱਕ...
ਇਸ ਪ੍ਰੋਜੈਕਟ ਦਾ ਸਭ ਤੋਂ ਵੱਧ ਲਾਭ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਛੋਟੇ ਵਪਾਰੀਆਂ ਨੂੰ ਹੋਵੇਗਾ। ਰੇਲਵੇ ਵਿਭਾਗ ਇਸ ਪ੍ਰੋਜੈਕਟ ਨੂੰ ਅੰਤਿਮ ਰੂਪ ਦੇਣ ਵਿੱਚ ਪੂਰੀ ਤਤਪਰਤਾ ਨਾਲ ਜੁਟਿਆ ਹੋਇਆ ਹੈ। ਤਕਨੀਕੀ ਪਹਿਲੂਆਂ ਦੀ ਸਥਿਤੀ ’ਚ ਸਿਵਲ ਨਿਰਮਾਣ ਕਾਰਜ ਮੁਕੰਮਲ, ਟਰੈਕ ਅਤੇ ਸਿਗਨਲ ਪ੍ਰਣਾਲੀ ਦਾ ਤਕਨੀਕੀ ਟੀਮਾਂ ਵੱਲੋਂ ਨਿਰੀਖਣ ਜਾਰੀ ਹੈ ਅਤੇ ਟਰਾਇਲ ਰਨ ਲਗਭਗ ਪੂਰਾ ਹੋ ਚੁੱਕਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡਾ ਟੀਚਾ ਸਾਰੇ ਸੁਰੱਖਿਆ ਮਾਪਦੰਡਾਂ ਦੀ ਬਾਰੀਕੀ ਨਾਲ ਜਾਂਚ ਕਰਨਾ ਹੈ ਤਾਂ ਜੋ ਮਿੱਥੇ ਸਮੇਂ ਦੇ ਅੰਦਰ ਸਟੇਸ਼ਨ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਜਾਵੇ। ਦੌਲਤਪੁਰ-ਕਰਟੋਲੀ ਸਟੇਸ਼ਨ ਦਾ ਚਾਲੂ ਹੋਣਾ ਕੇਵਲ ਇੱਕ ਬੁਨਿਆਦੀ ਢਾਂਚੇ ਦਾ ਨਿਰਮਾਣ ਨਹੀਂ ਹੈ, ਸਗੋਂ ਇਹ ਕੰਡੀ ਖੇਤਰ ਦੇ ਪੱਛੜੇਪਣ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਸਥਾਨਕ ਨਿਵਾਸੀਆਂ ਦਾ ਮੰਨਣਾ ਹੈ ਕਿ ਇਸ ਸਟੇਸ਼ਨ ਦੇ ਚਾਲੂ ਹੋਣ ਨਾਲ ਸੈਰ-ਸਪਾਟਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਹੁਣ ਖੇਤਰ ਵਾਸੀਆਂ ਨੂੰ ਬੱਸ ਉਸ ਦਿਨ ਦੀ ਉਡੀਕ ਹੈ ਜਦੋਂ ਇਸ ਟਰੈਕ 'ਤੇ ਪਹਿਲੀ ਵਾਰ ਟ੍ਰੇਨ ਦੀ ਸੀਟੀ ਗੂੰਜੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ Delivery Boy ਦਾ ਬੇਰਹਿਮੀ ਨਾਲ ਕਤਲ, ਬਿਲਡਿੰਗ ਦੀ ਬੇਸਮੈਂਟ 'ਚੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
