ਠੱਗੀ ਦਾ ਅਨੋਖਾ ਤਰੀਕਾ! ਮਦਦ ਦੇ ਨਾਂ ''ਤੇ ਸੋਨੇ ਦੀ ਮੁੰਦਰੀ ਤੇ ਨਕਦੀ ਲੈ ਕੇ 5 ਠੱਗ ਫਰਾਰ
Wednesday, Mar 25, 2026 - 06:13 PM (IST)
ਹਾਜੀਪੁਰ (ਜੋਸ਼ੀ)- ਹਾਜੀਪੁਰ ਵਿਖੇ ਅੱਜ ਦਿਨ-ਦਿਹਾੜੇ ਠੱਗੀ ਮਾਰਨ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਗੱਡੀ ਵਿੱਚ ਸਵਾਰ ਹੋ ਕੇ ਆਏ ਪੰਜ ਵਿਅਕਤੀਆਂ ਨੇ ਇਕ ਮਹਿਲਾ ਨੂੰ ਆਪਣੀ ਚਲਾਕੀ ਦਾ ਸ਼ਿਕਾਰ ਬਣਾਉਂਦੇ ਹੋਏ ਉਸ ਕੋਲੋਂ ਸੋਨੇ ਦੀ ਮੁੰਦਰੀ, ਕੱਪੜੇ ਅਤੇ ਨਕਦੀ ਲੈ ਕੇ ਰਫੂ-ਚੱਕਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ ਕਰੀਬ ਸਾਢੇ 10 ਵਜੇ ਹਾਜੀਪੁਰ ਦੀ ਪਾਵਰ ਕਾਲੋਨੀ ਵਿਖੇ ਵਾਪਰੀ। ਇਕ ਗੱਡੀ ਵਿੱਚ ਸਵਾਰ ਹੋ ਕੇ ਆਏ 5 ਵਿਅਕਤੀਆਂ ਨੇ ਕਾਲੋਨੀ 'ਚ ਅਨਾਊਂਸਮੈਂਟ ਕੀਤੀ ਕਿ ਉਹ ਇਕ ਅਨਾਥ ਆਸ਼ਰਮ ਤੋਂ ਆਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਲੜਕੀਆਂ ਦੇ ਵਿਆਹ ਲਈ ਕੱਪੜੇ ਅਤੇ ਨਕਦੀ ਦਾਨ ਕਰਨ। ਇਨ੍ਹਾਂ 5 ਵਿਅਕਤੀਆਂ ਵਿੱਚੋਂ ਦੋ ਜਣੇ ਕਾਲੋਨੀ ਨਿਵਾਸੀ ਰਮਨ ਬਾਲਾ ਪਤਨੀ ਨਵਦੀਪ ਸਿੰਘ ਦੇ ਘਰ ਅੰਦਰ ਦਾਖ਼ਲ ਹੋਏ ਅਤੇ ਮਦਦ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੀ ਸਰਕਾਰ ਦੇ 'ਜ਼ੀਰੋ ਟਾਲਰੈਂਸ' ਦੇ ਦਾਅਵੇ ਕਿੱਥੇ ਗਏ?: ਸੁਖਪਾਲ ਖਹਿਰਾ
ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀਆਂ ਨੇ ਰਮਨ ਬਾਲਾ ਨੂੰ ਕੋਈ ਨਸ਼ੀਲੀ ਚੀਜ਼ ਸੁੰਘਾ ਦਿੱਤੀ, ਜਿਸ ਤੋਂ ਬਾਅਦ ਉਹ ਬੇਸੁਧ ਹੋ ਗਈ। ਇਸ ਦਾ ਫਾਇਦਾ ਉਠਾਉਂਦੇ ਹੋਏ ਠੱਗ ਉਸ ਕੋਲੋਂ ਇਕ ਸੋਨੇ ਦੀ ਮੁੰਦਰੀ, ਇਕ ਸੂਟ ਅਤੇ 1100 ਰੁਪਏ ਨਕਦੀ ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੀੜਤ ਪਰਿਵਾਰ ਵੱਲੋਂ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦੇ ਦਿੱਤੀ ਗਈ ਹੈ। ਨਵਦੀਪ ਸਿੰਘ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਅਧਾਰ 'ਤੇ ਇਨ੍ਹਾਂ ਠੱਗਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਲਾਕੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
