ਇਲਾਕੇ ਵਿਚ ਪੁਲਸ ਨਫਰੀ ਦੀ ਭਾਰੀ ਕਮੀ ਪਰ ਵਿਧਾਇਕ ਲੈ ਕੇ ਘੁੰਮ ਰਿਹਾ 15 ਗੰਨਮੈਨ : ਨਿਮਿਸ਼ਾ ਮਹਿਤਾ
Tuesday, Jun 30, 2026 - 06:03 PM (IST)
ਗੜ੍ਹਸੰਕਰ : ਸ਼ਹਿਰ ਗੜ੍ਹਸ਼ੰਕਰ ਵਿਚ ਬੀਤੇ ਦਿਨੀਂ ਦੁਕਾਨਾਂ 'ਤੇ ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਉਪਰ ਦੁੱਖ ਅਤੇ ਚਿੰਤਾ ਪ੍ਰਗਟ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਕਈ ਦਿਨਾਂ ਤੋਂ ਲਗਾਤਾਰ ਵਾਪਰ ਰਹੀਆਂ ਹਨ, ਚੋਰ ਬੇਖੌਫ ਘੁੰਮ ਰਹੇ ਹਨ ਅਤੇ ਹੋਰ ਵੀ ਕਈ ਅਪਿਰਾਧਕ ਘਟਨਾਵਾਂ ਵਾਪਰ ਰਹੀਆਂ ਹਨ ਪਰ ਇਨ੍ਹਾਂ ਮਸਲਿਆਂ ਨੂੰ ਸੁਲਝਾਉਣ ਲਈ ਇਲਾਕੇ ਦੇ ਥਾਣੇ ਅਤੇ ਚੌਂਕੀਆਂ ਵਿਚ ਪੁਲਸ ਦੀ ਭਾਰੀ ਕਮੀ ਹੈ। ਨਿਮਿਸ਼ਾ ਨੇ ਕਿਹਾ ਕਿ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੂੰ ਵੋਟਾਂ ਪਾ ਕੇ ਜਿਤਾਉਣ ਵਾਲੇ ਵੋਟਰ ਉਨ੍ਹਾਂ ਦੀਆਂ ਦੁਕਾਨਾਂ ਉਪਰ ਹੋਈਆਂ ਚੋਰੀਆਂ ਅਤੇ ਹੋਰ ਅਪਰਾਧਿਕ ਮਾਮਲਿਆਂ ਵਿਚ ਇਨਸਾਫ ਭਾਲ ਰਹੇ ਹਨ ਪਰ ਪੁਲਸ ਕਰਮਚਾਰੀਆਂ ਦੀ ਕਮੀ ਕਰਕੇ ਉਨ੍ਹਾਂ ਦੇ ਮਾਮਲੇ ਲਟਕ ਰਹੇ ਹਨ ਜਦਕਿ ਪੁਲਸ ਥਾਣੇ ਦੇ 15 ਤੋਂ ਵੱਧ ਕਰਮਚਾਰੀ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਆਪਣੀ ਟੋਹਰ ਲਈ ਨਾਲ-ਨਾਲ ਧੂਹੀ ਫਿਰਦੇ ਹਨ।
ਭਾਜਪਾ ਆਗੂ ਨੇ ਕਿਹਾ ਕਿ ਜੈ ਕ੍ਰਿਸ਼ਨ ਰੋੜੀ ਜਨਤਾ ਨੂੰ ਜਵਾਬ ਦੇਣ ਕਿ ਥਾਣੇ ਵਿਚ ਲੋਕਾਂ ਦੇ ਮਸਲੇ ਸੁਲਝਾਉਣ ਲਈ ਪੁਲਸ ਕਰਮਚਾਰੀਆਂ ਦਾ ਹੋਣਾ ਜ਼ਰੂਰੀ ਹੈ ਜਾਂ ਉਨ੍ਹਾਂ ਦੇ ਆਪਣੇ ਟੋਹਰ-ਟੱਪੇ ਲਈ ਪੁਲਸ ਕਰਮਚਾਰੀਆਂ ਨੂੰ ਨਾਲ ਲੈ ਕੇ ਜਗ੍ਹਾ ਜਗ੍ਹਾ ਤੁਰੇ ਫਿਰਨਾ। ਉਨ੍ਹਾਂ ਕਿਹਾ ਕਿ ਰੋੜੀ ਗੜ੍ਹਸ਼ੰਕਰ ਦੀ ਜਨਤਾ ਨੂੰ ਸਪੱਸ਼ਟ ਕਰੇ ਕਿ ਸੱਤਾ ਵਿਚ ਆਉਂਦਿਆਂ ਉਸ ਨੇ ਅਜਿਹੇ ਕਿਹੜੇ ਗਲਤ ਕੰਮ ਕਰ ਦਿੱਤੇ ਹਨ ਜਾਂ ਜਨਤਾ ਨਾਲ ਕਿਹੜੀ ਧੱਕੇਸ਼ਾਹੀ ਕਰ ਦਿੱਤੀ ਹੈ, ਜਿਸ ਕਰਕੇ ਉਸ ਨੂੰ ਆਪਣੇ ਹੀ ਹਲਕੇ ਦੇ ਲੋਕ ਜੋ ਉਸ ਦੇ ਪਰਿਵਾਰ ਸਮਾਨ ਹਨ, ਤੋਂ ਹੀ ਡਰ ਪੈ ਗਿਆ ਹੈ ਜਾਂ ਫਿਰ ਉਹ ਬੰਦੂਕਾਂ ਵਾਲੇ ਗੰਨਮੈਨਾਂ ਦਾ ਇਹ ਦਸਤਾ ਆਪਣੇ ਲੋਕਾਂ ਵਿਚ ਖੌਫ ਪਾਉਣ ਲਈ ਨਾਲ ਚੁੱਕੀ ਫਿਰਦਾ ਹੈ। ਨਿਮਿਸ਼ਾ ਨੇ ਕਿਹਾ ਕਿ ਆਪਣੇ ਆਪ ਨੂੰ ਆਮ ਘਰ ਦਾ ਪੁੱਤ ਕਹਿ ਕੇ ਚੋਣ ਲੜਨ ਵਾਲਾ ਵਿਧਾਇਕ ਜੈ ਕ੍ਰਿਸ਼ਨ ਰੋੜੀ 15 ਗੰਨਮੈਨ ਲੈ ਕੇ ਘੁੰਮ ਰਿਹਾ ਹੈ, ਜੋ ਕਿ ਉਸ ਨੂੰ ਥਾਣਾ ਗੜ੍ਹਸ਼ੰਕਰ ਦੀ ਨਫਰੀ 'ਚੋਂ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਇਹੀ ਆਮ ਆਮ ਆਦਮੀ ਪਾਰਟੀ ਦੇ ਮੈਂਬਰ ਸਕਿਓਰਿਟੀ ਅਤੇ ਗੰਨਮੈਨ ਕਲਚਰ ਦੀ ਨਖੇਧੀ ਕਰਦੇ ਸਨ ਅਤੇ ਦਾਅਵੇ ਕਰਦੇ ਸਨ ਕਿ ਸੱਤਾ ਵਿਚ ਆਉਣ ਤੋਂ ਬਾਅਦ ਉਹ ਸਾਦਾ ਇਨਸਾਨ ਬਣ ਕੇ ਬਿਨਾਂ ਗੰਨਮੈਨਾਂ ਦੇ ਲੋਕਾਂ ਵਿਚ ਵਿਚਰਨਗੇ ਪਰ ਸੱਤਾ ਸੰਭਾਲਦਿਆਂ ਹੀ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੀ ਹੋਰ ਵਾਲੀ ਕਹਾਵਤ ਇਸ ਪਾਰਟੀ ਨੇ ਸੱਚ ਕਰ ਵਿਖਾਈ ਹੈ।
