ਸਰਦੀਆਂ ਦੇ ਮੌਸਮ ''ਚ ਇਹ ਚੀਜ਼ਾਂ ਰੱਖਣਗੀਆਂ ਤੁਹਾਨੂੰ ਸਿਹਤਮੰਦ, ਜ਼ਰੂਰ ਕਰੋ ਖੁਰਾਕ ''ਚ ਸ਼ਾਮਲ
Tuesday, Nov 02, 2021 - 05:45 PM (IST)
ਨਵੀਂ ਦਿੱਲੀ : ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਬਾਹਰਲੀ ਠੰਢ ਤੋਂ ਆਪਣੇ ਆਪ ਨੂੰ ਬਚਾਉਣ ਲਈ ਅਸੀਂ ਗਰਮ ਕੱਪੜੇ ਪਾਉਂਦੇ ਹਾਂ ਪਰ ਸਰਦੀਆਂ ਦੇ ਮੌਸਮ 'ਚ ਆਪਣੇ ਆਪ ਨੂੰ ਅੰਦਰੂਨੀ ਤੌਰ 'ਤੇ ਸੁਰੱਖਿਅਤ ਕਰਨਾ ਬਹੁਤ ਜ਼ਰੂਰੀ ਹੈ। ਚੰਗੀ ਗੱਲ ਇਹ ਹੈ ਕਿ ਸਾਡਾ ਸਰੀਰ ਗਰਮੀ ਦੇ ਮੁਕਾਬਲੇ ਸਰਦੀਆਂ 'ਚ ਭੋਜਨ ਪਚਾਉਣ 'ਚ ਵਧੇਰੇ ਸਮਰੱਥ ਹੈ। ਅਜਿਹੀ ਸਥਿਤੀ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਸਾਨੂੰ ਸਰਦੀ ਦੇ ਮੌਸਮ 'ਚ ਕਿਹੜੀਆਂ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ।
ਜੜ੍ਹ ਵਾਲੀਆਂ ਸਬਜ਼ੀਆਂ : ਸਰਦੀਆਂ ਦਾ ਮੌਸਮ ਜੜ੍ਹ ਵਾਲੀਆਂ ਸਬਜ਼ੀਆਂ ਲਈ ਜਾਣਿਆ ਜਾਂਦਾ ਹੈ। ਇਸ ਮੌਸਮ 'ਚ ਗਾਜਰ, ਸ਼ਲਗਮ, ਸ਼ਕਰਕੰਦ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਅਤੇ ਗਰਮੀ ਮਿਲਦੀ ਹੈ।
ਡਰਾਈ ਫਰੂਟਸ, ਨਟਜ਼ : ਡਰਾਈ ਫਰੂਟਸ ਜਿਵੇਂ ਖਜੂਰ, ਨਟਜ਼, ਮੂੰਗਫਲੀ, ਬਦਾਮ ਅਤੇ ਨਾਰੀਅਲ ਤੇ ਤੇਲ ਬੀਜ ਜਿਵੇਂ ਕੱਦੂ ਦੇ ਬੀਜ ਤੇ ਤੇਲ ਦੇ ਬੀਜ ਮੈਗਨੀਸ਼ੀਅਮ ਅਤੇ ਜ਼ਿੰਕ ਵਰਗੇ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਹ ਊਰਜਾ ਦੇ ਬਹੁਤ ਚੰਗੇ ਸਰੋਤ ਹਨ, ਜਿਸ ਦੀ ਸਾਨੂੰ ਸਰਦੀਆਂ ਦੇ ਮੌਸਮ 'ਚ ਵੀ ਲੋੜ ਹੈ।
ਹਰੀਆਂ ਸਬਜ਼ੀਆਂ : ਸਰਦੀਆਂ ਦੇ ਮੌਸਮ 'ਚ ਹਰੀਆਂ ਸਬਜ਼ੀਆਂ ਬਹੁਤ ਜ਼ਿਆਦਾ ਮਿਲਦੀਆਂ ਹਨ, ਜਿਵੇਂ ਪਾਲਕ, ਮੇਥੀ, ਸੋਇਆ, ਗੋਭੀ। ਇਨ੍ਹਾਂ ਹਰੀਆਂ ਸਬਜ਼ੀਆਂ 'ਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਪਾਏ ਜਾਂਦੇ ਹਨ, ਜੋ ਸਾਡੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ 'ਚ ਅਤੇ ਇੰਫੈਕਸ਼ਨ ਨਾਲ ਲੜਨ 'ਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।
ਖੱਟੇ ਫਲ : ਨਿੰਬੂ, ਆਵਲਾ, ਸੰਤਰੇ ਅਤੇ ਅੰਗੂਰ ਬਹੁਤ ਰਸੀਲੇ ਅਤੇ ਮਿੱਠੇ ਫਲ ਸਰਦੀਆਂ ਦੇ ਮੌਸਮ 'ਚ ਵਧੇਰੇ ਗੁਣਕਾਰੀ ਹੁੰਦੇ ਹਨ। ਇਸ ਦੇ ਨਾਲ ਹੀ ਮੌਸਮੀ ਫਲ ਖਾਣ ਨਾਲ ਸਰੀਰ ਨੂੰ ਬਹੁਤ ਲਾਭ ਹੁੰਦਾ ਹੈ। ਇਸ ਲਈ ਸਰਦੀਆਂ ਦੇ ਮੌਸਮ 'ਚ ਖੱਟੇ ਫਲ ਖਾਓ ਅਤੇ ਇਮਿਊਨਿਟੀ ਵਧਾਓ।
ਮਸਾਲੇ : ਅਦਰਕ, ਜੀਰਾ, ਦਾਲਚੀਨੀ ਉਹ ਮਸਾਲੇ ਹਨ ਜੋ ਸਰਦੀਆਂ ਦੇ ਮੌਸਮ 'ਚ ਨਿਯਮਿਤ
ਰੂਪ 'ਚ ਵਰਤੇ ਜਾਣੇ ਚਾਹੀਦੇ ਹਨ। ਇਹ ਸਾਡੇ ਸਰੀਰ ਦਾ ਤਾਪਮਾਨ ਵਧਾਉਂਦੇ ਹਨ ਅਤੇ ਖੂਨ ਦੇ ਗੇੜ ਨੂੰ ਵੀ ਕਾਇਮ ਰੱਖਦੇ ਹਨ। ਇਸ ਦੇ ਨਾਲ ਇਹ ਮਸਾਲੇ ਹਾਜ਼ਮੇ ਨੂੰ ਵੀ ਠੀਕ ਰੱਖਦੇ ਹਨ। ਸਰਦੀਆਂ ਵਿਚ ਅਦਰਕ ਦੀ ਵਰਤੋਂ ਕਰਨ ਨਾਲ ਗਲੇ ਦੀ ਖਰਾਸ਼ ਜਾਂ ਬਲਗਮ ਤੋਂ ਰਾਹਤ ਮਿਲਦੀ ਹੈ।