ਸਾਵਧਾਨ! ਇਹ 5 ਆਦਤਾਂ ਤੁਹਾਨੂੰ ਬਣਾ ਸਕਦੀਆਂ ਨੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਮਰੀਜ਼
Tuesday, Mar 19, 2024 - 01:58 PM (IST)
ਜਲੰਧਰ - ਅੱਜ ਦੀ ਵਿਅਸਥ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗ਼ਲਤ ਚੀਜ਼ਾਂ ਅਤੇ ਗੈਰ ਸਿਹਤਮੰਦ ਆਦਤਾਂ ਦੇ ਕਾਰਨ ਸਰੀਰ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਲੋਕਾਂ ਵਲੋਂ ਅਪਣਾਈਆਂ ਜਾ ਰਹੀਆਂ ਕੁਝ ਭੈੜੀਆਂ ਆਦਤਾਂ ਜਿਵੇਂ ਸ਼ਰਾਬ ਪੀਣਾ, ਸਿਗਰਟਨੋਸ਼ੀ ਕਰਨਾ ਆਦਿ ਸਿਹਤ ਲਈ ਅੱਗੇ ਜਾ ਕੇ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਜੇਕਰ ਇਨ੍ਹਾਂ ਆਦਤਾਂ ਤੋਂ ਲੋਕ ਦੂਰੀ ਨਾ ਬਣਾ ਕੇ ਰੱਖੀ ਜਾਵੇ ਤਾਂ ਹਾਰਟ ਅਟੈਕ, ਸ਼ੁਗਰ, ਬਲੱਡ ਪ੍ਰੈਸ਼ਰ ਵਰਗੀਆਂ ਭਿਆਨਕ ਬੀਮਾਰੀਆਂ ਜਨਮ ਲੈ ਸਕਦੀਆਂ ਹਨ। ਇਸ ਨਾਲ ਸਰੀਰ ਖ਼ਰਾਬ ਹੋ ਸਕਦਾ ਹੈ। ਆਓ ਉਨ੍ਹਾਂ ਗਲਤ ਆਦਤਾਂ ਦੇ ਬਾਰੇ ਜਾਣਦੇ ਹਾਂ, ਜੋ ਸਾਨੂੰ ਸਭ ਤੋਂ ਪਹਿਲਾ ਛੱਡਣੀਆਂ ਚਾਹੀਦੀਆਂ ਹਨ....
ਸਿਗਰਟ ਪੀਣਾ
ਸਾਰੇ ਲੋਕ ਜਾਣਦੇ ਹਨ ਕਿ ਸਿਗਰਟ ਸਿਹਤ ਲਈ ਹਾਨੀਕਾਰਕ ਹੁੰਦੀ ਹੈ, ਜਿਸ ਦੇ ਬਾਵਜੂਦ ਕੁਝ ਲੋਕ ਇਸ ਦਾ ਸੇਵਨ ਕਰਦੇ ਹਨ। ਇਸ ਨਾਲ ਫੇਫੜੇ ਖ਼ਰਾਬ ਹੋਣ ਦੇ ਨਾਲ-ਨਾਲ ਫੈਫੜਿਆਂ ਦਾ ਕੈਂਸਰ ਵੀ ਵੱਧ ਜਾਂਦਾ ਹੈ। ਇਸ ਨੂੰ ਪੀਣ ਨਾਲ ਸਰੀਰ ਦੀਆਂ ਧਮਨੀਆਂ ਸੁੰਗੜਨੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਕਾਰਨ ਖੂਨ ਦੇ ਪ੍ਰਵਾਹ 'ਚ ਦਿੱਕਤ ਆਉਂਦੀ ਹੈ। ਇਸ ਦਾ ਸਿੱਧਾ ਅਸਰ ਦਿਲ 'ਤੇ ਪੈਂਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਸਿਗਰਟ ਪੀਣ ਦੀ ਆਦਤ ਹੈ ਤਾਂ ਇਸ ਨੂੰ ਤੁਰੰਤ ਛੱਡ ਦਿਓ।
ਸ਼ਰਾਬ ਪੀਣਾ
ਸਿਗਰਟ ਵਾਂਗ ਹੀ ਸ਼ਰਾਬ ਪੀਣ ਨਾਲ ਵੀ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਦੇ ਹਨ। ਕਈ ਲੋਕ ਸ਼ੌਂਕ ਜਾਂ ਫਿਰ ਰਿਲੈਕਸ ਹੋਣ ਲਈ ਇਸ ਦਾ ਸੇਵਨ ਕਰਦੇ ਹਨ ਪਰ ਇਹ ਵੀ ਗ਼ਲਤ ਹੈ। ਸ਼ਰਾਬ ਪੀਣ ਨਾਲ ਲੀਵਰ ਖ਼ਰਾਬ ਹੋਣ, ਹਾਰਟ ਅਟੈਕ, ਹਾਈ ਬਲੱਡ ਪ੍ਰੈਸ਼ਰ ਅਤੇ ਸਟ੍ਰੋਕ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ।
ਸਹੀ ਅਤੇ ਪੌਸ਼ਟਿਕ ਚੀਜ਼ਾਂ ਦਾ ਸੇਵਨ
ਸਰੀਰ ਨੂੰ ਸਿਹਤਮੰਦ ਰੱਖਣ ਲਈ ਖਾਣ ਦੀਆਂ ਆਦਤਾਂ ਦਾ ਸਹੀ ਹੋਣਾ ਜ਼ਰੂਰੀ ਹੈ। ਅੰਤੜੀਆਂ ਨੂੰ ਠੀਕ ਰੱਖਣ ਲਈ ਪੋਟਾਸ਼ੀਅਮ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ। ਪੋਟਾਸ਼ੀਅਮ ਦੀ ਕਮੀ ਕਾਰਨ ਨਾੜਾਂ ਸੁੰਗੜਨ ਲਗਦੀਆਂ ਹਨ, ਜਿਸ ਨਾਲ ਖੂਨ ਦਾ ਵਹਾਅ ਕਮਜ਼ੋਰ ਹੋ ਜਾਂਦਾ ਹੈ। ਖੂਨ ਦਾ ਵਹਾਅ ਸਹੀ ਨਾ ਹੋਣ 'ਤੇ ਬਲੱਡ ਪ੍ਰੈਸ਼ਰ ਅਤੇ ਦਿਨ ਦੀ ਧੜਕਨ ਵੱਧਣੀ ਸ਼ੁਰੂ ਹੋ ਜਾਂਦੀ ਹੈ। ਬਲੱਡ ਪ੍ਰੈਸ਼ਰ ਵਧਣ ਨਾਲ ਬ੍ਰੇਨ ਸਟ੍ਰੋਕ, ਹਾਰਟ ਅਟੈਕ, ਕਿਡਨੀਆਂ ਖ਼ਰਾਬ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਲਈ ਪੋਟਾਸ਼ੀਅਮ ਭਰਪੂਰ ਚੀਜ਼ਾਂ ਜਿਵੇਂ ਆਲੂ, ਦਹੀਂ, ਚੁਕੰਦਰ, ਕੇਲਾ, ਪਪੀਤਾ, ਅੰਬ ਆਦਿ ਦਾ ਸੇਵਨ ਕਰੋ।
ਫਾਈਬਰ ਨਾਲ ਭਰਪੂਰ ਚੀਜ਼ਾਂ ਦਾ ਸੇਵਨ
ਆਪਣੇ ਭੋਜਨ 'ਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜਿਨ੍ਹਾਂ 'ਚ ਫਾਈਬਰ ਲੋੜੀਂਦੀ ਮਾਤਰਾ 'ਚ ਮੌਜੂਦ ਹੋਵੇ। ਇਸ ਤਰ੍ਹਾਂ ਦੇ ਭੋਜਨ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਅੰਤੜੀਆਂ ਦੇ ਬਲਾਕ ਹੋਣ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਦੇ ਸੇਵਨ ਨਾਲ ਸਰੀਰ 'ਚ ਕੋਲੈਸਟ੍ਰਾਲ ਦੀ ਮਾਤਰਾ ਵੀ ਕਾਬੂ 'ਚ ਆਉਂਦੀ ਹੈ। ਫਾਈਬਰ ਲੈਣ ਲਈ ਹਰੀਆਂ ਸਬਜ਼ੀਆਂ, ਫਲਾਂ, ਅਨਾਜ, ਦਾਲਾਂ ਆਦਿ ਨੂੰ ਭੋਜਨ 'ਚ ਸ਼ਾਮਲ ਕਰਨਾ ਚਾਹੀਦਾ ਹੈ।
ਲੂਣ ਅਤੇ ਖੰਡ ਦੀ ਜ਼ਿਆਦਾ ਵਰਤੋਂ
ਜ਼ਿਆਦਾ ਖੰਡ ਤੇ ਲੂਣ ਖਾਣ ਦੀ ਆਦਤ ਵੀ ਚੰਗੀ ਨਹੀਂ ਹੈ। ਖੰਡ ਦੀ ਜ਼ਿਆਦਾ ਵਰਤੋਂ ਕਰਨ ਨਾਲ ਡਾਈਬਟੀਜ਼ ਅਤੇ ਜ਼ਿਆਦਾ ਲੂਣ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਅੱਗੇ ਚਲ ਕੇ ਇਹ ਹਾਰਟ ਅਟੈਕ ਦਾ ਵੀ ਕਾਰਨ ਬਣ ਸਕਦੇ ਹਨ। ਇਸ ਕਾਰਨ ਇਨ੍ਹਾਂ ਦੇ ਜ਼ਿਆਦਾ ਸੇਵਨ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।