5 ਲੱਖ ਨਕਦੀ ਤੇ ਸੋਨਾ ਚੋਰੀ ਕਰਨ ਵਾਲਾ 6 ਘੰਟਿਆਂ ’ਚ ਕਾਬੂ

Sunday, Feb 02, 2025 - 02:53 AM (IST)

5 ਲੱਖ ਨਕਦੀ ਤੇ ਸੋਨਾ ਚੋਰੀ ਕਰਨ ਵਾਲਾ 6 ਘੰਟਿਆਂ ’ਚ ਕਾਬੂ

ਫਰੀਦਕੋਟ (ਰਾਜਨ) - ਪਿੰਡ ਘੋਨੀਵਾਲਾ ਵਿਖੇ ਹੋਈ ਚੋਰੀ ਦੇ ਇਕ ਮਾਮਲੇ ’ਚ ਪੁਲਸ ਵੱਲੋਂ ਬਰੀਕੀ ਨਾਲ ਕੀਤੀ ਗਈ ਜਾਂਚ ਦੇ ਚੱਲਦਿਆਂ ਕੁਝ ਹੀ ਘੰਟਿਆਂ ’ਚ ਦੋਸ਼ੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਹ ਜਾਣਕਾਰੀ ਡਾ. ਪ੍ਰਾਗਿਆ ਜੈਨ ਐੱਸ. ਐੱਸ. ਪੀ. ਨੇ ਦੱਸਿਆ ਕਿ ਬੀਤੀ 31 ਜਨਵਰੀ ਦੀ ਸ਼ਾਮ ਨੂੰ ਰਵਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਘੋਨੀਵਾਲਾ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਜਦੋਂ ਉਹ ਤੇ ਉਸ ਦਾ ਪਰਿਵਾਰ ਆਪਣੇ ਸਟੋਰ ਤੋਂ ਘਰ ਵਾਪਸ ਆਏ ਤਾਂ ਉਨ੍ਹਾਂ ਵੇਖਿਆ ਕਿ ਘਰ ਦੀ ਲੌਬੀ ਵਾਲੀ ਬਾਰੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਦਰਵਾਜ਼ੇ ਖੁੱਲ੍ਹੇ ਪਏ ਸਨ।

ਉਹਨਾਂ ਦੱਸਿਆ ਕਿ ਸ਼ਿਕਾਇਤ ਕਰਤਾ ਅਨੁਸਾਰ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਤੇ ਜਦੋਂ ਉਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਸੀ ਕਿ ਉਸ ਦੇ ਘਰ ਦੀ ਅਲਮਾਰੀ ’ਚੋਂ 5 ਲੱਖ ਰੁਪਏ ਨਕਦ ਤੇ ਕਰੀਬ ਸਾਢੇ ਤਿੰਨ ਤੋਲੇ ਸੋਨਾ ਚੋਰੀ ਹੋ ਚੁੱਕਾ ਸੀ, ਜਿਸ ’ਤੇ ਪੁਲਸ ਵੱਲੋਂ ਮੁਕੱਦਮਾ ਨੰਬਰ 19 ਥਾਣਾ ਸਦਰ ਵਿਖੇ ਦਰਜ ਕਰ ਲਿਆ ਗਿਆ ਸੀ। ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਡੀ. ਐੱਸ. ਪੀ. (ਇਨਵੈਸਟੀਗੇਸ਼ਨ) ਜਸਮੀਤ ਸਿੰਘ ਸਾਹੀਵਾਲ ਤੇ ਤਰਲੋਚਨ ਸਿੰਘ ਡੀ. ਐੱਸ. ਪੀ. ਦੀ ਰਹਿਨੁਮਾਈ ਹੇਠ ਗਠਿਤ ਵੱਖ-ਵੱਖ ਪੁਲਸ ਟੀਮਾਂ ਨਾਲ ਸਰਚ ਟੀਮਾਂ ਨੂੰ ਵੀ ਸ਼ਾਮਿਲ ਕੀਤਾ ਗਿਆ।

ਇਸ ਦੇ ਸਿੱਟੇ ਵਜੋਂ ਤਕਨੀਕੀ ਇਨਪੁੱਟ ਦੇ ਆਧਾਰ ’ਤੇ ਇੰਸਪੈਕਟਰ ਗੁਰਦਿੱਤਾ ਸਿੰਘ ਤੇ ਇੰਸਪੈਕਟਰ ਅਮਰਿੰਦਰ ਸਿੰਘ ਤੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਵੱਲੋਂ ਇਸ ਕੇਸ ਨੂੰ ਮਹਿਜ਼ 6 ਘੰਟਿਆਂ ’ਚ ਹੀ ਸੁਲਝਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਮੁਕੱਦਮੇ ਦੇ ਦੋਸ਼ੀ ਗੁਰਪਿਆਰ ਸਿੰਘ ਪੁੱਤਰ ਰੁਪਿੰਦਰ ਸਿੰਘ ਵਾਸੀ ਪੱਖੀ ਖੁਰਦ (ਫਰੀਦਕੋਟ) ਨੂੰ ਚੋਰੀ ਕੀਤੇ 5 ਲੱਖ ਰੁਪਏ ਤੇ ਸੋਨੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।


author

Inder Prajapati

Content Editor

Related News