ਮਕਾਨ 35 ਗਜ਼ ਦਾ ਤੇ ਬਿਜਲੀ ਦਾ ਬਿੱਲ ਆਇਆ ਢਾਈ ਲੱਖ
Sunday, Feb 02, 2025 - 02:00 PM (IST)
ਅੰਮ੍ਰਿਤਸਰ (ਗਿੱਲ)- ਬਟਾਲਾ ਰੋਡ ਦੇ ਨਾਲ ਲੱਗਦੇ ਲਕਸ਼ਮੀ ਵਿਹਾਰ ਕਾਲੋਨੀ 88 ਫੁੱਟ ਰੋਡ ’ਤੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਪੜ੍ਹ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇੱਥੇ ਆਪਣੇ ਪਰਿਵਾਰ ਨਾਲ ਰਹਿਣ ਵਾਲੇ ਵਿੱਕੀ ਕੁਮਾਰ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਵਿਭਾਗ ਦਫਤਰ ਦੇ ਚੱਕਰ ਕੱਟ ਰਿਹਾ ਹੈ ਕਿਉਂਕਿ ਉਸਦੇ ਘਰ ਦਾ ਬਿੱਲ ਢਾਈ ਲੱਖ ਰੁਪਏ ਆਇਆ ਹੈ। ਇਸ ਵੇਲੇ ਫਾਈਨ ਪਾ ਕੇ ਸਾਢੇ 3 ਲੱਖ ਬਿੱਲ ਖੜ੍ਹਾ ਹੋ ਗਿਆ ਹੈ, ਜਦਕਿ ਜਿਸ ਮਕਾਨ ਦਾ ਇਹ ਬਿੱਲ ਹੈ, ਉਹ ਸਿਰਫ 35 ਗਜ਼ ’ਚ ਬਣਿਆ ਹੈ ਅਤੇ ਵਿਕੀ ਮਿਹਨਤ-ਮਜ਼ਦੂਰੀ ਕਰਕੇ ਆਪਣਾ ਅਤੇ ਪਰਿਵਾਰ ਦਾ ਗੁਜ਼ਰ ਬਸਰ ਕਰ ਰਿਹਾ ਹੈ। 35 ਗਜ਼ ਦੇ ਇਸ ਮਕਾਨ ’ਚ 3 ਤੋਂ 4 ਬੱਲਬ ਤੇ ਇਕ ਟੀ. ਵੀ. ਚੱਲਦਾ ਹੈ।
ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...
ਵਿੱਕੀ ਕੁਮਾਰ ਨੇ ਦੱਸਿਆ ਕਿ ਉਸਦਾ ਰੁਟੀਨ ’ਚ ਬਿੱਲ ਹਜ਼ਾਰ ਦੇ ਕਰੀਬ ਆਉਂਦਾ ਸੀ ਪਰ ਉਸ ਵੇਲੇ ਉਸਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ, ਜਦੋਂ ਢਾਈ ਲੱਖ ਦਾ ਬਿੱਲ ਉਸਦੀਆਂ ਅੱਖਾਂ ਸਾਹਮਣੇ ਸੀ। ਜਦੋਂ ਉਹ ਢਾਈ ਲੱਖ ਦਾ ਬਿੱਲ ਲੈ ਕੇ ਬਿਜਲੀ ਦਫਤਰ ਪਹੁੰਚਿਆ ਤਾਂ ਉਸਦਾ ਮੀਟਰ ਬਦਲ ਦਿੱਤਾ ਗਿਆ। ਵਿੱਕੀ ਕੁਮਾਰ ਦੀਆਂ ਮੁਸ਼ਕਿਲਾਂ ਉਦੋਂ ਹੋਰ ਵਧ ਗਈਆਂ, ਜਦੋਂ ਉਸਦਾ ਅਗਲਾ ਬਿੱਲ ਸਾਢੇ 3 ਲੱਖ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ
ਵਿੱਕੀ ਮੁਤਾਬਕ ਉਸ ਵੱਲੋਂ ਲਗਾਤਾਰ ਬਿਜਲੀ ਵਿਭਾਗ ਦੇ ਚੱਕਰ ਮਾਰੇ ਜਾ ਰਹੇ ਹਨ ਪਰ ਉਸਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਉਸ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਬਿੱਲ ਤਾਂ ਭਰਨਾ ਹੀ ਪਵੇਗਾ। ਜੇਕਰ ਉਹ ਇਸ ਬਿੱਲ ਦੇ ਵਿਰੋਧ ’ਚ ਕੇਸ ਕਰਦਾ ਹੈ ਤਾਂ ਉਸ ਨੂੰ ਕੁੱਲ ਬਿੱਲ ਦਾ 20 ਫ਼ੀਸਦੀ ਜਮ੍ਹਾ ਕਰਾਉਣਾ ਪਵੇਗਾ, ਜਿਹੜਾ ਕਿ ਉਸਦੀ ਪਹੁੰਚ ਤੋਂ ਬਾਹਰ ਹੈ। ਉਹ 20 ਫ਼ੀਸਦੀ ਰਕਮ ਜਮ੍ਹਾ ਕਰਾਵਾਉਣ ਦੀ ਵੀ ਹਾਲਤ 'ਚ ਨਹੀਂ ਹੈ। ਇਸ ਪਰਿਵਾਰ ਨੇ ਦੁਖੀ ਹੋ ਕੇ ਆਪਣਾ ਮਕਾਨ ਵੇਚਣੇ ਲਾ ਦਿੱਤਾ ਹੈ ਪਰ ਸਵਾਲ ਇਹ ਹੈ ਕਿ ਮਕਾਨ ਵੇਚ ਕੇ ਵੀ ਲੱਖਾਂ ਦਾ ਬਿੱਲ ਇਸ ਗਰੀਬ ਪਰਿਵਾਰ ਦਾ ਖਹਿੜਾ ਛੱਡੇਗਾ।
ਇਹ ਵੀ ਪੜ੍ਹੋ- ਡਾ. ਅੰਬੇਡਕਰ ਦੀ ਮੂਰਤੀ ਦੇ ਅਪਮਾਨ ਮਾਮਲੇ 'ਚ BJP ਦੇ 6 ਮੈਂਬਰੀ ਕਮੇਟੀ ਵੱਲੋਂ ਜਾਂਚ ਸ਼ੁਰੂ
ਅੰਮ੍ਰਿਤਸਰ ਦੇ ਰਹਿਣ ਵਾਲੇ ਸਮਾਜ ਸੇਵੀ ਪਵਨ ਸ਼ਰਮਾ ਨੇ ਕਿਹਾ ਕਿ ਪਰਿਵਾਰ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿੱਥੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਦੇ ਘਰਾਂ ਦੇ ਬਿੱਲ ਜ਼ੀਰੋ ਹਨ, ਉਥੇ ਹੀ ਇਸ ਘਰ ਦਾ ਬਿੱਲ ਸਭ ਤੋਂ ਜ਼ਿਆਦਾ ਹੈ, ਜਿਹੜਾ ਕਿ ਆਪਣੇ ਆਪ ’ਚ ਇਕ ਮਜ਼ਾਕ ਹੈ। ਇਸੇ ਦੌਰਾਨ ਜਦੋਂ ਪਾਵਰਕਾਮ ਦੇ ਇਸ ਇਲਾਕੇ ਦੇ ਐਕਸੀਅਨ ਮਨੋਹਰ ਸਿੰਘ, ਐੱਸ. ਡੀ. ਓ. ਵਿਪਨ ਵਿਗ ਅਤੇ ਜੇ. ਈ. ਵਿਸ਼ਾਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਐੱਸ. ਡੀ. ਓ. ਨੇ ਕਿਹਾ ਕਿ ਸੋਮਵਾਰ ਨੂੰ ਇਸ ਬਾਰੇ ਵਿਸਤਾਰ ’ਚ ਜਾਣਕਾਰੀ ਲੈ ਕੇ ਇਹ ਮਾਮਲਾ ਡਿਸਯੂਟ ਸੈਟਲਮੈਂਟ ਕਮੇਟੀ ਕੋਲ ਰੱਖਿਆ ਜਾਵੇਗਾ ਅਤੇ ਇਸਦਾ ਹੱਲ ਕਰਵਾ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8