ਮੂੰਹ ਦੇ ਛਾਲਿਆਂ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਓ ''ਇਲਾਇਚੀ'' ਸਣੇ ਇਹ ਘਰੇਲੂ ਨੁਸਖ਼ੇ
Thursday, Oct 28, 2021 - 06:08 PM (IST)
ਨਵੀਂ ਦਿੱਲੀ- ਮੂੰਹ ਵਿੱਚ ਛਾਲੇ ਹੋ ਜਾਣਾ ਆਮ ਸਮੱਸਿਆ ਹੈ। ਅਕਸਰ ਲੋਕਾਂ ਨੂੰ ਇਸ ਪਰੇਸ਼ਾਨੀ ਨਾਲ ਜੂਝਦੇ ਹੋਏ ਦੇਖਿਆ ਜਾਂਦਾ ਹੈ। ਮੂੰਹ ਦੇ ਛਾਲੇ ਕਈ ਵਾਰ ਪਾਚਣ ਅਤੇ ਢਿੱਡ ਸੰਬੰਧੀ ਸਮੱਸਿਆਵਾਂ ਜਿਵੇਂ ਢਿੱਡ ਦੀ ਗਰਮੀ ਜਾਂ ਕਬਜ਼ ਆਦਿ ਹੋਣ ਕਰਕੇ ਹੋ ਜਾਂਦੇ ਹਨ। ਮੂੰਹ ਦੇ ਛਾਲੇ ਹੋਣ ਤੇ ਜਿੱਥੇ ਮੂੰਹ ਵਿੱਚ ਬਹੁਤ ਤਕਲੀਫ਼ ਹੁੰਦੀ ਹੈ ਉੱਥੇ ਹੀ ਖਾਣਾ ਖਾਣ ਵਿੱਚ ਵੀ ਬਹੁਤ ਦਿਕੱਤ ਹੁੰਦੀ ਹੈ। ਉੱਥੇ ਹੀ ਕਈ ਵਾਰ ਜ਼ਿਆਦਾ ਮਸਾਲੇਦਾਰ ਅਤੇ ਤਲਿਆ ਹੋਇਆ ਖਾਣਾ 'ਤੇ ਗਰਮ ਤਾਸੀਰ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਵੀ ਇਹ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆਂ ਨੂੰ ਤੁਸੀਂ ਕੁਝ ਆਮ ਘਰੇਲੂ ਨੁਸਖ਼ਿਆਂ ਨਾਲ ਦੂਰ ਕਰ ਸਕਦੇ ਹੋ।
ਬੇਕਿੰਗ ਸੋਡਾ
ਮੂੰਹ ਵਿੱਚ ਛਾਲੇ ਹੋ ਜਾਣ 'ਤੇ ਕੋਸੇ ਪਾਣੀ ਵਿੱਚ ਇੱਕ ਚਮਚਾ ਬੇਕਿੰਗ ਸੋਡਾ ਮਿਲਾ ਲਓ ਫਿਰ ਇਸ ਨਾਲ ਦਿਨ ਵਿੱਚ ਕਈ ਵਾਰ ਕੁਰਲੀ ਕਰੋ। ਇਸ ਨਾਲ ਰਾਹਤ ਮਿਲੇਗੀ ਅਤੇ ਮੂੰਹ ਵਿੱਚ ਹੋਣ ਵਾਲਾ ਦਰਦ ਘੱਟ ਹੋ ਜਾਵੇਗਾ।
ਬਰਫ਼
ਮੂੰਹ ਵਿੱਚ ਛਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਅਕਸਰ ਇਹ ਢਿੱਡ ਦੀ ਗਰਮੀ ਦੇ ਕਾਰਨ ਹੋ ਜਾਂਦੇ ਹਨ। ਅਜਿਹੇ ਵਿੱਚ ਬਰਫ਼ ਦਾ ਇਸਤੇਮਾਲ਼ ਫਾਇਦੇਮੰਦ ਰਹਿੰਦਾ ਹੈ। ਇਸ ਲਈ ਬਰਫ਼ ਦੇ ਟੁੱਕੜੇ ਹਲਕੇ ਹੱਥ ਨਾਲ ਆਪਣੀ ਜੀਭ 'ਤੇ ਲਗਾਓ ਜੇਕਰ ਇਸ ਨਾਲ ਲਾਰ ਟਪਕੇ ਤਾਂ ਇਸ ਨੂੰ ਟਪਕਣ ਦਿਓ। ਇਸ ਨਾਲ ਦਰਦ ਘੱਟ ਹੋਵੇਗਾ ਅਤੇ ਆਰਾਮ ਮਿਲੇਗਾ।
ਫਿਟਕੜੀ
ਫਿਟਕੜੀ ਨਾਲ ਛਾਲਿਆਂ ਵਿੱਚ ਮਦਦ ਮਿਲਦੀ ਹੈ। ਫਿਟਕੜੀ ਨੂੰ ਛਾਲਿਆਂ ਵਾਲੀ ਥਾਂ ਤੇ ਲਗਾਓ। ਹਾਲਾਂਕਿ ਕਈ ਵਾਰ ਇਸ ਨੂੰ ਲਗਾਉਂਦੇ ਸਮੇਂ ਤੇਜ਼ ਦਰਦ ਅਤੇ ਜਲਣ ਮਹਿਸੂਸ ਹੁੰਦੀ ਹੈ।
ਕੋਸਾ ਪਾਣੀ
ਇਹ ਆਸਾਨ ਉਪਾਅ ਵੀ ਤੁਹਾਨੂੰ ਰਾਹਤ ਦਿਵਾਏਗਾ। ਇਸ ਲਈ ਕੋਸੇ ਪਾਣੀ ਵਿੱਚ ਲੂਣ ਮਿਲਾਓ ਅਤੇ ਇਸ ਪਾਣੀ ਨਾਲ ਦਿਨ ਵਿੱਚ ਕਈ ਵਾਰ ਕੁਰਲੀ ਕਰੋ। ਤੁਹਾਡੇ ਛਾਲੇ ਸੁੱਕਣ ਲੱਗਣਗੇ।
ਇਲਾਇਚੀ
ਹਰੀ ਇਲਾਇਚੀ ਵੀ ਮੂੰਹ ਦੇ ਛਾਲਿਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਇਸ ਲਈ ਇਲਾਇਚੀ ਦੇ ਦਾਣਿਆਂ ਨੂੰ ਬਾਰੀਕ ਪੀਸ ਕੇ ਇਸ ਵਿੱਚ ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨਾਲ ਮੂੰਹ ਦੀ ਗਰਮੀ ਠੀਕ ਹੋਵੇਗੀ ਅਤੇ ਛਾਲੇ ਠੀਕ ਹੋਣ ਲੱਗਣਗੇ।
ਹਲਦੀ
ਮੂੰਹ ਦੇ ਛਾਲਿਆਂ ਦੇ ਆਰਾਮ ਲਈ ਹਲਦੀ ਵੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਥੋੜੀ ਜਿਹੀ ਹਲਦੀ ਲਓ ਅਤੇ ਇਸ ਨੂੰ ਪਾਣੀ ਵਿੱਚ ਉਬਾਲ ਲਵੋ। ਫਿਰ ਇਸ ਪਾਣੀ ਨਾਲ ਗਰਾਰੇ ਕਰੋ। ਇਸ ਨਾਲ ਵੀ ਆਰਾਮ ਮਿਲੇਗਾ।